ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਗ੍ਰਿਫ਼ਤਾਰ ਸੰਦੀਪ ਕਾਹਲੋਂ ਨੇ ਪੁਲੀਸ ਰਿਮਾਂਡ ਦੌਰਾਨ ਪੁੱਛਗਿੱਛ ’ਚ ਅਹਿਮ ਖੁਲਾਸੇ ਕੀਤੇ ਹਨ। ਜਾਣਕਾਰੀ ਅਨੁਸਾਰ ਪੁੱਛਗਿੱਛ ’ਚ ਇਹ ਸਾਹਮਣੇ ਆਈ ਕਿ ਸੰਦੀਪ ਕਾਹਲੋਂ ਨੂੰ ਪਹਿਲਾਂ ਤੋਂ ਪਤਾ ਸੀ ਕਿ ਸਿੱਧੂ ਮੂਸੇਵਾਲਾ ਕਤਲ ਹੋਣਾ ਹੈ। ਹਾਲਾਂਕਿ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਹ ਵਾਰਦਾਤ ਕਦੋਂ ਹੋਣੀ ਹੈ ਅਤੇ ਕਿਨ੍ਹਾਂ ਲੋਕਾਂ ਨੇ ਕਰਨੀ ਹੈ। ਇਸ ਲਈ ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ’ਚ ਪਹਿਲਾਂ ਤੋਂ ਦਰਜ ਆਰਮ ਐਕਟ ਦੇ ਕੇਸ ’ਚ ਪੁਲੀਸ ਨੇ 302/115 ਆਈ.ਪੀ.ਸੀ. ਧਾਰਾ ਨੂੰ ਜੋਡ਼ਿਆ ਹੈ। ਏ.ਸੀ.ਪੀ. (ਕ੍ਰਾਈਮ-2) ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੰਦੀਪ ਕਾਹਲੋਂ ਦੇ ਕਹਿਣ ’ਤੇ ਸਤਬੀਰ ਸਿੰਘ, ਗੈਂਗਸਟਰ ਮਨੀ ਰਈਆ, ਮਨਦੀਪ ਤੂਫਾਨ ਅਤੇ ਇਕ ਹੋਰ ਨੂੰ ਆਪਣੀ ਫਾਰਚਿਊਨਰ ’ਚ ਬਠਿੰਡਾ ਛੱਡ ਕੇ ਆਇਆ ਸੀ। ਰਸਤੇ ’ਚ ਤਿੰਨੋਂ ਗੈਂਗਸਟਰ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਗੱਲ ਕਰ ਰਹੇ ਸਨ। ਉਨ੍ਹਾਂ ਨੂੰ ਛੱਡਣ ਤੋਂ ਬਾਅਦ ਸਤਬੀਰ ਨੇ ਇਹ ਜਾਣਕਾਰੀ ਸੰਦੀਪ ਕਾਹਲੋਂ ਨੂੰ ਵੀ ਦਿੱਤੀ ਸੀ ਪਰ ਸੰਦੀਪ ਕਾਹਲੋਂ ਨੇ ਉਸ ਨੂੰ ਚੁੱਪ ਰਹਿਣ ਲਈ ਧਮਕਾ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਇਸ ਸਬੰਧੀ ਕਿਸੇ ਨਾਲ ਵੀ ਗੱਲ ਨਾ ਕਰੇ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜਿਸ ਕਾਰਨ ਸਤਬੀਰ ਕਾਫੀ ਡਰ ਗਿਆ ਸੀ। ਸੰਦੀਪ ਨੇ ਉਸ ਨੂੰ ਵਿਦੇਸ਼ ਭੇਜਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਜਦੋਂ ਕਿ ਜੱਗੂ ਭਗਵਾਨਪੁਰੀਆ ਦੇ ਕਹਿਣ ’ਤੇ ਸੰਦੀਪ ਨੇ ਗੈਂਗਸਟਰਾਂ ਨੂੰ ਹਥਿਆਰ ਦੇਣ ਅਤੇ ਉਨ੍ਹਾਂ ਨੂੰ ਛੱਡਣ ਦੀ ਪਲਾਨਿੰਗ ਬਣਾਈ ਸੀ। ਹੁਣ ਪੁਲੀਸ ਸੰਦੀਪ ਕਾਹਲੋਂ ਤੋਂ ਪੁੱਛਗਿੱਛ ਕਰ ਕੇ ਫਰਾਰ ਚੱਲ ਰਹੇ ਗੈਂਗਸਟਰ ਮਨੀ ਰਈਆ ਅਤੇ ਮਨਦੀਪ ਤੂਫਾਨ ਸਮੇਤ ਬਾਕੀਆਂ ਦੀ ਭਾਲ ’ਚ ਲੱਗੀ ਹੋਈ ਹੈ।