ਭਾਰਤੀ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਡੈਨਮਾਰਕ ਦੇ ਜੇਪੀ ਬੇ ਅਤੇ ਲਾਸੇ ਮੋਲਹੇਡੇ ਨੂੰ ਤਿੰਨ ਗੇਮਾਂ ਦੇ ਸਖ਼ਤ ਮੁਕਾਬਲੇ ‘ਚ ਹਰਾ ਕੇ ਸਵਿਸ ਓਪਨ ਸੁਪਰ ਸੀਰੀਜ਼ 300 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਭਾਰਤੀ ਜੋੜੀ ਨੇ ਮੈਚ ‘ਚ 54 ਮਿੰਟ ‘ਚ 15-21, 21-11, 21-14 ਨਾਲ ਜਿੱਤ ਦਰਜ ਕੀਤੀ। ਸਾਤਵਿਕ ਅਤੇ ਚਿਰਾਗ ਦਾ ਅਗਲਾ ਮੁਕਾਬਲਾ ਓਂਗ ਯਿਊ ਸਿਨ ਅਤੇ ਟੀਓ ਈ ਯੀ ਦੀ ਮਲੇਸ਼ੀਆ ਦੀ ਜੋੜੀ ਨਾਲ ਹੋਵੇਗਾ। ਪੀ.ਵੀ. ਸਿੰਧੂ ਅਤੇ ਲਕਸ਼ਯ ਸੇਨ ਵਰਗੇ ਖਿਡਾਰੀਆਂ ਦੇ ਛੇਤੀ ਬਾਹਰ ਹੋਣ ਨਾਲ ਇੰਡੀਆ ਦੀਆਂ ਸੰਭਾਵਨਾਵਾਂ ਹੁਣ ਪੁਰਸ਼ ਡਬਲਜ਼ ਦੀ ਸਟਾਰ ਜੋੜੀ ‘ਤੇ ਟਿਕੀਆਂ ਹਨ। ਭਾਰਤੀ ਜੋੜੀ ਲਈ ਸ਼ੁਰੂਆਤ ਚੰਗੀ ਨਹੀਂ ਰਹੀ। ਪਹਿਲੀ ਗੇਮ ‘ਚ ਇਕ ਸਮੇਂ ਉਹ 15-16 ਦੇ ਸਕੋਰ ਦੇ ਨਾਲ ਇਕ ਅੰਕ ਪਿੱਛੇ ਸੀ। ਇਸ ਤੋਂ ਬਾਅਦ ਡੈਨਮਾਰਕ ਦੀ ਜੋੜੀ ਨੇ ਲਗਾਤਾਰ ਛੇ ਅੰਕ ਬਣਾ ਕੇ ਪਹਿਲੀ ਗੇਮ ਜਿੱਤ ਲਈ। ਸਾਤਵਿਕ ਅਤੇ ਚਿਰਾਗ ਨੇ ਦੂਜੀ ਗੇਮ ‘ਚ ਆਪਣੀ ਲੈਅ ਲੱਭੀ ਅਤੇ ਅੰਤਰਾਲ ਤਕ 11-4 ਦੀ ਮਜ਼ਬੂਤ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਦੂਸਰੀ ਗੇਮ ਜਿੱਤ ਕੇ ਮੈਚ ਨੂੰ ਫੈਸਲਾਕੁੰਨ ਤੱਕ ਪਹੁੰਚਾਇਆ। ਭਾਰਤੀ ਜੋੜੀ ਨੇ ਤੀਜੀ ਗੇਮ ‘ਚ ਵੀ ਚੰਗਾ ਪ੍ਰਦਰਸ਼ਨ ਕੀਤਾ ਅਤੇ ਅੰਤਰਾਲ ਤੱਕ 11-7 ਦੀ ਬੜ੍ਹਤ ਬਣਾਈ। ਇਸ ਤੋਂ ਬਾਅਦ ਉਸ ਨੇ ਸੱਤ ਅੰਕਾਂ ਦੀ ਬੜ੍ਹਤ ਲੈ ਲਈ ਅਤੇ ਇਸ ਨੂੰ ਅੰਤ ਤੱਕ ਬਰਕਰਾਰ ਰੱਖਦਿਆਂ ਸ਼ਾਨਦਾਰ ਢੰਗ ਨਾਲ ਸੈਮੀਫਾਈਨਲ ‘ਚ ਥਾਂ ਬਣਾਈ।