ਸੂਡਾਨ ਦੀ ਰਾਜਧਾਨੀ ਖਾਰਤੂਮ ’ਚ ਸੱਤਾਧਾਰੀ ਫੌਜ ਵਿਰੁੱਧ ਪ੍ਰਦਰਸ਼ਨ ’ਚ 9 ਲੋਕਾਂ ਦੇ ਮਾਰੇ ਜਾਣ ਦੇ ਇਕ ਦਿਨ ਬਾਅਦ ਵੱਡੀ ਗਿਣਤੀ ’ਚ ਲੋਕਾਂ ਨੇ ਸਡ਼ਕਾਂ ’ਤੇ ਪ੍ਰਦਰਸ਼ਨ ਕੀਤਾ। ਅਮਰੀਕਾ ਅਤੇ ਹੋਰ ਦੇਸ਼ਾਂ ਨੇ ਪੂਰਬੀ ਅਫਰੀਕਾ ਦੇ ਇਸ ਦੇਸ਼ ’ਚ ਹਿੰਸਾ ਦੀ ਨਿੰਦਾ ਕੀਤੀ ਹੈ ਜਿਥੇ ਪਿਛਲੇ ਸਾਲ 25 ਅਕਤੂਬਰ ਨੂੰ ਹੋਏ ਤਖ਼ਤਾਪਲਟ ਤੋਂ ਬਾਅਦ ਤੋਂ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਵੀਰਵਾਰ ਦੀ ਰੈਲੀ ਕਈ ਮਹੀਨਿਆਂ ’ਚ ਹੋਈ ਸਭ ਤੋਂ ਵੱਡੀ ਰੈਲੀ ਸੀ। ਸੂਡਾਨ ’ਚ ਫੌਜੀ ਸ਼ਾਸਨ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਜ਼ਬਰਦਸਤ ਕਾਰਵਾਈ ਕੀਤੀ ਹੈ ਜਿਸ ’ਚ ਹੁਣ ਤੱਕ 18 ਬੱਚਿਆਂ ਸਮੇਤ 113 ਲੋਕਾਂ ਦੀ ਮੌਤ ਹੋ ਚੁੱਕੀ ਹੈ। ਖਾਰਤੂਮ ਅਤੇ ਉਸ ਦੇ ਨੇਡ਼ੇ ਇਕ ਦਿਨ ਪਹਿਲਾਂ ਮਾਰੇ ਗਏ ਲੋਕਾਂ ਲਈ ਵੱਡੇ ਪੱਧਰ ’ਤੇ ਅੰਤਮ ਸੰਸਕਰ ਕੀਤੇ ਗਏ ਅਤੇ ਸ਼ੁੱਕਰਵਾਰ ਨੂੰ ਮਸਜਿਦਾਂ ’ਚ ਲੋਕਾਂ ਨੇ ਨਮਾਜ਼ ਅਦਾ ਕੀਤੀ। ਇਸ ਦੇ ਨਾਲ ਹੀ ਮ੍ਰਿਤਕਾਂ ਦੀਆਂ ਤਸਵੀਰਾਂ ਆਨਲਾਈਨ ਮੰਚਾਂ ’ਤੇ ਪੋਸਟ ਕੀਤੀਆਂ ਗਈਆਂ ਤਾਂ ਕਿ ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ। ਸੂਡਾਨ ਦੇ ਡਾਕਟਰਾਂ ਦੇ ਇਕ ਗਰੁੱਪ ‘ਡਾਕਟਰਸ ਕਮੇਟੀ’ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਵੀਰਵਾਰ ਨੂੰ ਰੈਲੀ ਦੌਰਾਨ ਗੋਲੀ ਮਾਰ ਕੇ ਇਕ ਬੱਚੇ ਸਮੇਤ 9 ਲੋਕਾਂ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਸੀ। ਇਸ ਸੂਚਨਾ ਬਾਹਰ ਆਉਣ ’ਤੇ ਵੱਡੀ ਗਿਣਤੀ ਲੋਕ ਸਡ਼ਕਾਂ ’ਤੇ ਨਿੱਕਲ ਆਏ ਅਤੇ ਵਿਰੋਧ ਪ੍ਰਦਰਸ਼ਨ ਕੀਤਾ।