ਅਗਲੇ ਮਹੀਨੇ ਕਤਰ ‘ਚ ਹੋਣ ਵਾਲੇ ਫੀਫਾ ਵਰਲਡ ਕੱਪ ਤੋਂ ਪਹਿਲਾਂ ਅਰਜਨਟੀਨਾ ਦੇ ਸਟਾਰ ਫੁਟਬਾਲ ਖਿਡਾਰੀ ਲਿਓਨਲ ਮੇਸੀ ਨੇ ਐਲਾਨ ਕੀਤਾ ਹੈ ਕਿ ਇਹ ਉਸਦਾ ਆਖਰੀ ਵਰਲਡਡ ਕੱਪ ਹੋਵੇਗਾ। ਇਸ ਤੋਂ ਬਾਅਦ ਉਸਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮੇਸੀ ਨੇ ਅਰਜਨਟੀਨਾ ਲਈ 164 ਮੈਚਾਂ ‘ਚ 90 ਗੋਲ ਕੀਤੇ ਹਨ ਅਤੇ ਉਹ ਸਭ ਤੋਂ ਵੱਧ ਅੰਤਰਰਾਸ਼ਟਰੀ ਗੋਲ ਕਰਨ ਵਾਲੇ ਖਿਡਾਰੀਆਂ ਵਿੱਚੋਂ ਇਕ ਹੈ। ਧਿਆਨ ਯੋਗ ਹੈ ਕਿ ਮੇਸੀ ਚੋਟੀ ਦੇ ਖਿਡਾਰੀਆਂ ਦੀ ਸੂਚੀ ‘ਚ ਕ੍ਰਿਸਟੀਆਨੋ ਰੋਨਾਲਡੋ (117) ਅਤੇ ਅਲੀ ਦੇਈ (109) ਤੋਂ ਬਾਅਦ ਤੀਜੇ ਨੰਬਰ ‘ਤੇ ਹੈ। 35 ਸਾਲਾ ਖਿਡਾਰੀ ਨਵੰਬਰ ‘ਚ ਹੋਣ ਵਾਲੇ ਇਸ ਗਲੋਬਲ ਟੂਰਨਾਮੈਂਟ ‘ਚ ਆਪਣੇ ਕਰੀਅਰ ਦਾ ਪੰਜਵਾਂ ਵਰਲਡ ਕੱਪ ਖੇਡੇਗਾ ਅਤੇ ਫੀਫਾ ਵਰਲਡ ਕੱਪ ਦੌਰਾਨ ਮੇਸੀ ਦੀ ਨਜ਼ਰ ਆਪਣੀ ਟੀਮ ‘ਤੇ ਵਰਲਡ ਕੱਪ ਟਰਾਫੀ ਜਿੱਤਣ ‘ਤੇ ਹੋਵੇਗੀ। ਮੇਸੀ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਇਹ ਤੁਹਾਡਾ ਆਖਰੀ ਵਰਲਡ ਕੱਪ ਹੋਵੇਗਾ ਤਾਂ ਉਸ ਨੇ ਜਵਾਬ ਦਿੱਤਾ ਕਿ, ‘ਹਾਂ, ਹਾਂ।’ ਮੇਸੀ ਨੇ ਅੱਗੇ ਕਿਹਾ ਕਿ ‘ਮੈਂ ਫੈਸਲਾ ਲੈ ਲਿਆ ਹੈ ਅਤੇ ਵਰਲਡ ਕੱਪ ਦੇ ਦਿਨ ਗਿਣ ਰਿਹਾ ਹਾਂ। ਮੈਂ ਇਸ ਬਾਰੇ ਥੋੜ੍ਹਾ ਘਬਰਾਇਆ ਹੋਇਆ ਹਾਂ। ਮੈਂ ਸਿਰਫ਼ ਹੈਰਾਨ ਹਾਂ ਕਿ ਕੀ ਹੋਣ ਵਾਲਾ ਹੈ। ਇਹ ਆਖਰੀ ਵਾਰ ਹੋਵੇਗਾ ਅਤੇ ਇਹ ਸਾਡੇ ਦਿਮਾਗ ‘ਚ ਹੈ ਕਿ ਅਸੀਂ ਉਥੇ ਕਿਵੇਂ ਖੇਡਾਂਗੇ।’ ਮੇਸੀ ਨੇ ਅੱਗੇ ਕਿਹਾ, ‘ਅਸੀਂ ਕਤਰ ਪਹੁੰਚਣ ਦਾ ਇੰਤਜ਼ਾਰ ਨਹੀਂ ਕਰ ਸਕਦੇ ਅਤੇ ਅਸੀਂ ਇਸ ਗੱਲ ਨੂੰ ਲੈ ਕੇ ਵੀ ਚਿੰਤਤ ਹਾਂ ਕਿ ਵਰਲਡ ਕੱਪ ਸਾਡੇ ਲਈ ਕਿਹੋ ਜਿਹਾ ਰਹੇਗਾ। ਅਸੀਂ ਬਿਹਤਰ ਕਰਾਂਗੇ।’ ਪਿਛਲੇ ਸਾਲ ਕੋਪਾ ਜਿੱਤਣ ਤੋਂ ਬਾਅਦ ਅਰਜਨਟੀਨਾ ਟਰਾਫੀ ਦੇ ਮਜ਼ਬੂਤ ਦਾਅਵੇਦਾਰ ਵਜੋਂ ਵਰਲਡ ਕੱਪ ‘ਚ ਉਤਰੇਗਾ। ਮੇਸੀ ਨੇ ਕਿਹਾ ਕਿ ਸਾਡੀ ਟੀਮ ਵੱਡੇ ਟੂਰਨਾਮੈਂਟਾਂ ‘ਚ ਉਮੀਦਾਂ ‘ਤੇ ਖਰਾ ਉਤਰ ਚੁੱਕੀ ਹੈ। ਮੇਸੀ ਨੇ ਆਪਣੇ ਪੂਰੇ ਕਰੀਅਰ ‘ਚ ਹੁਣ ਤਕ 19 ਵਰਲਡ ਕੱਪ ਮੈਚ ਖੇਡੇ ਹਨ।