ਬਲਾਕ ਸਿੱਧਵਾਂ ਬੇਟ ‘ਚ ਹੋਏ ਸਟਰੀਟ ਲਾਈਟ ਘਪਲੇ ‘ਚ ਨਾਮਜ਼ਦ ਕੀਤੇ ਗਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਰਹੇ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਦੀ ਅਗਾਊਂ ਜ਼ਮਾਨਤ ਪਟੀਸ਼ਨ ਵਧੀਕ ਸੈਸ਼ਨ ਜੱਜ ਡਾ. ਅਜੀਤ ਅੱਤਰੀ ਦੀ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਇਹ ਘਪਲਾ ਸਾਹਮਣੇ ਆਉਣ ਤੋਂ ਬਾਅਦ ਹੀ ਕਿਆਸੇ ਲਾਏ ਜਾ ਰਹੇ ਸਨ ਕਿ ਕੈਪਟਨ ਸੰਦੀਪ ਸੰਧੂ ਨੂੰ ਵੀ ਵਿਜੀਲੈਂਸ ਇਸ ਮਾਮਲੇ ‘ਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਸਕਦੀ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਟੀਮ ਇਸ ਮਾਮਲੇ ‘ਚ ਬੀ.ਡੀ.ਪੀ.ਓ. ਸਤਵਿੰਦਰ ਸਿੰਘ ਕੰਗ ਅਤੇ ਬਲਾਕ ਸਮਿਤੀ ਚੇਅਰਮੈਨ ਲਖਵਿੰਦਰ ਸਿੰਘ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਚੁੱਕਾ ਹੈ। ਇਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਕੈਪਟਨ ਸੰਦੀਪ ਸੰਧੂ ਦੇ ਸਾਲੇ ਹਰਪ੍ਰੀਤ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੋਇਆ ਹੈ। ਕੈਪਟਨ ਸੰਦੀਪ ਸੰਧੂ ਨੇ ਵਿਜੀਲੈਂਸ ਵੱਲੋਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਲੁਧਿਆਣਾ ਦੀ ਸੈਸ਼ਨ ਅਦਾਲਤ ‘ਚ ਪੇਸ਼ਗੀ ਪਟੀਸ਼ਨ ਦਾਇਰ ਕੀਤੀ ਸੀ। ਇਸ ‘ਚ ਉਸ ਨੇ ਆਪਣੇ-ਆਪ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਉਸ ਦਾ ਇਸ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਵਿਜੀਲੈਂਸ ਵਿਭਾਗ ਵੱਲੋਂ ਉਸ ਨੂੰ ਸਿਆਸੀ ਕਾਰਨਾਂ ਕਰਕੇ ਬਿਨਾਂ ਵਜ੍ਹਾ ਫਸਾਇਆ ਜਾ ਰਿਹਾ ਹੈ। ਦੂਜੇ ਪਾਸੇ ਸਰਕਾਰੀ ਵਕੀਲ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਇਸ ਮਾਮਲੇ ‘ਚ ਸੰਦੀਪ ਸੰਧੂ ਦੀ ਗ੍ਰਿਫ਼ਤਾਰੀ ਲਾਜ਼ਮੀ ਹੈ ਅਤੇ ਪੁਲੀਸ ਹਿਰਾਸਤ ‘ਚ ਉਸ ਤੋਂ ਪੁੱਛਗਿੱਛ ਕਰਨੀ ਜ਼ਰੂਰੀ ਹੈ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਸੰਦੀਪ ਸੰਧੂ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰਨ ਦਾ ਫੈਸਲਾ ਸੁਣਾਇਆ।