ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਰਹੇ ਅਤੇ ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੀ ਟਿਕਟ ‘ਤੇ ਚੋਣ ਲੜ ਚੁੱਕੇ ਕੈਪਟਨ ਸੰਦੀਪ ਸੰਧੂ ਤੋਂ ਵਿਜੀਲੈਂਸ ਬਿਊਰੋ ਨੇ ਪਿੰਡ ਮੁੱਲਾਂਪੁਰ ਦਾਖਾ ‘ਚ ਹੋਏ 60 ਲੱਖ ਦੇ ਸਟਰੀਟ ਲਾਈਟ ਘੁਟਾਲੇ ‘ਚ ਕਰੀਬ ਦੋ ਘੰਟੇ ਪੁੱਛਗਿੱਛ ਕੀਤੀ। ਵਿਜੀਲੈਂਸ ਨੇ ਪਿੰਡ ਮੁੱਲਾਂਪੁਰ ਦਾਖਾ ‘ਚ ਸੋਲਰ ਸਟਰੀਟ ਲਾਈਟਾਂ ਲਗਾਉਣ ਦੇ ਮਾਮਲੇ ‘ਚ 60 ਲੱਖ ਦੇ ਘਪਲੇ ਦੇ ਮਾਮਲੇ ‘ਚ ਸੰਦੀਪ ਸੰਧੂ ਅਤੇ ਹੋਰਨਾਂ ਖ਼ਿਲਾਫ਼ ਫੌਜਦਾਰੀ ਕੇਸ ਦਰਜ ਕੀਤਾ ਸੀ। ਦੋਸ਼ ਹੈ ਕਿ ਕੈਪਟਨ ਸੰਦੀਪ ਸੰਧੂ ਦੇ ਰਿਸ਼ਤੇਦਾਰ ਦੇ ਕਹਿਣ ‘ਤੇ ਪੰਚਾਇਤ ਵਿਭਾਗ ਨੇ ਪਟਿਆਲਾ ਦੀ ਇਕ ਫਰਮ ਨੂੰ ਸਟਰੀਟ ਲਾਈਟਾਂ ਲਗਾਉਣ ਦਾ ਠੇਕਾ ਦਿੱਤਾ ਸੀ। ਇਸ ਦੀ ਅਦਾਇਗੀ ਵੀ ਸਟਰੀਟ ਲਾਈਟ ਲਗਾਏ ਬਿਨਾਂ ਹੀ ਕੀਤੀ ਗਈ। ਇਸ ਮਾਮਲੇ ‘ਚ ਹੁਣ ਤੱਕ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਸੰਦੀਪ ਸੰਧੂ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਸੰਧੂ ਸਵੇਰੇ 10 ਵਜੇ ਦੇ ਕਰੀਬ ਪਹੁੰਚਿਆ ਸੀ ਅਤੇ ਉਸ ਤੋਂ ਬਾਅਦ ਡੀ.ਐਸ.ਪੀ. ਪੱਧਰ ਦੇ ਅਧਿਕਾਰੀ ਵੱਲੋਂ ਦੋ ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਹਾਈ ਕੋਰਟ ਤੋਂ ਰਾਹਤ ਮਿਲਣ ਤੋਂ ਪਹਿਲਾਂ ਕਈ ਮਹੀਨੇ ਕੈਪਟਨ ਸੰਧੂ ਰੂਪੋਸ਼ ਰਹੇ ਅਤੇ ਰਾਹਤ ਮਿਲਣ ਮਗਰੋਂ ਹੀ ਉਨ੍ਹਾਂ ਜਨਤਕ ਤੌਰ ‘ਤੇ ਵਿਚਰਨਾ ਸ਼ੁਰੂ ਕੀਤਾ ਸੀ।