ਸਿੱਧਵਾਂ ਬੇਟ ਦੇ ਬੀ.ਡੀ.ਪੀ.ਓ. ਅਤੇ ਬਲਾਕ ਸੰਮਤੀ ਦੇ ਚੇਅਰਮੈਨ ਦੀ ਸਟਰੀਟ ਘਪਲੇ ‘ਚ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਜਾਂਚ ਸੀਨੀਅਰ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਵੱਲ ਤੁਰ ਪਈ ਹੈ। ਇਸ ਮਾਮਲੇ ‘ਚ ਵਿਜੀਲੈਂਸ ਨੇ ਹੁਣ ਕੈਪਟਨ ਸੰਧੂ ਦੇ ਰਿਸ਼ਤੇਦਾਰ ਹਰਪ੍ਰੀਤ ਸਿੰਘ ਨੂੰ ਨਾਮਜ਼ਦ ਕੀਤਾ ਹੈ। ਉਸ ਦੀ ਭਾਲ ‘ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਉਸ ਨੂੰ ਫੜ ਲਿਆ ਗਿਆ ਹੈ ਪਰ ਵਿਜੀਲੈਂਸ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਹੇ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਹਰਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੈਪਟਨ ਸੰਦੀਪ ਸੰਧੂ ਦੀਆਂ ਮੁਸ਼ਕਿਲਾਂ ਵੀ ਵਧ ਸਕਦੀਆਂ ਹਨ। ਸੂਤਰ ਦੱਸਦੇ ਹਨ ਕਿ ਜਾਂਚ ਦੌਰਾਨ ਕੈਪਟਨ ਸੰਦੀਪ ਸੰਧੂ ਦਾ ਨਾਂ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਕੈਪਟਨ ਸੰਧੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਨਜ਼ਦੀਕੀ ਸਾਥੀ ਸਨ ਅਤੇ ਮੁੱਲਾਂਪੁਰ ਦਾਖਾ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਚੋਣ ਲੜ ਤੇ ਹਾਰ ਚੁੱਕੇ ਹਨ। ਇਸ ਸਮੇਂ ਉਹ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਦੇ ਅਹੁਦੇ ‘ਤੇ ਤਾਇਨਾਤ ਹਨ। ਅਸਲ ‘ਚ ਵਿਜੀਲੈਂਸ ਵੱਲੋਂ ਕੁਝ ਦਿਨ ਪਹਿਲਾਂ ਸਟਰੀਟ ਲਾਈਟਾਂ ਦੇ ਦੁੱਗਣੇ ਰੇਟਾਂ ‘ਚ ਖਰੀਦਣ ਦੇ ਘਪਲੇ ਦਾ ਪਰਦਾਫਾਸ਼ ਕਰਦਿਆਂ ਬੀ.ਡੀ.ਪੀ.ਓ. ਸਤਵਿੰਦਰ ਸਿੰਘ ਕੰਗ ਤੇ ਚੇਅਰਮੈਨ ਲਖਵਿੰਦਰ ਸਿੰਘ ਘਮਨੇਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੋਵਾਂ ਤੋਂ ਹੋਈ ਪੁੱਛਗਿੱਛ ਤੋਂ ਬਾਅਦ ਬੀ.ਡੀ.ਪੀ.ਓ. ਤੇਜਾ ਸਿੰਘ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਤਿੰਨੋਂ ਮੁਲਜ਼ਮ ਵਿਜੀਲੈਂਸ ਕੋਲ ਰਿਮਾਂਡ ‘ਤੇ ਚੱਲ ਰਹੇ ਹਨ। ਵਿਜੀਲੈਂਸ ਵੱਲੋਂ ਪੁੱਛਗਿੱਛ ‘ਚ ਬੀ.ਡੀ.ਪੀ.ਓ. ਨੇ ਹਰਪ੍ਰੀਤ ਸਿੰਘ ਦਾ ਨਾਂ ਦੱਸਿਆ ਸੀ, ਜਿਸ ਤੋਂ ਬਾਅਦ ਉਸ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਸੀ। ਸੂਤਰ ਦੱਸਦੇ ਹਨ ਕਿ ਬੀ.ਡੀ.ਪੀ.ਓ. ਸਤਵਿੰਦਰ ਸਿੰਘ ਕੰਗ ਤੋਂ ਹੋਈ ਪੁੱਛਗਿੱਛ ਤੋਂ ਬਾਅਦ ਕੈਪਟਨ ਸੰਦੀਪ ਸੰਧੂ ਦਾ ਨਾਂ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੰਗ ਨੇ ਵਿਜੀਲੈਂਸ ਪੁੱਛਗਿੱਛ ਦੌਰਾਨ ਇਹ ਦੱਸਿਆ ਕਿ ਸਟਰੀਟ ਲਾਈਟਾਂ ਦੇ ਪ੍ਰਸਤਾਵ ਤੋਂ ਲੈ ਕੇ ਖਰੀਦ ਤੱਕ ਕੈਪਟਨ ਸੰਦੀਪ ਸੰਧੂ ਦੀ ਸਲਾਹ ਲਈ ਗਈ ਸੀ ਅਤੇ ਉਸ ਤੋਂ ਬਾਅਦ ਹੀ ਅੱਗੇ ਖਰੀਦੋ-ਫਰੋਖ਼ਤ ਕੀਤੀ ਗਈ। ਇਹ ਕਿਹਾ ਜਾ ਸਕਦਾ ਹੈ ਕਿ ਬੀ.ਡੀ.ਪੀ.ਓ. ਕੰਗ ਨੇ ਵਿਜੀਲੈਂਸ ਪੁੱਛਗਿੱਛ ਦੌਰਾਨ ਸਿੱਧੇ-ਸਿੱਧੇ ਕੈਪਟਨ ਸੰਦੀਪ ਸੰਧੂ ‘ਤੇ ਦੋਸ਼ ਲਗਾਏ ਹਨ, ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।