ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਿੰਘ ਸਜੋ ਅੰਮ੍ਰਿਤ ਛਕੋ ਲੋਹਿਰ ਤਹਿਤ ਅੱਜ ਖਾਲਸਾ ਮਾਰਚ ਆਰੰਭ ਕੀਤਾ ਗਿਆ। ਇਸ ਸਮੇਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਅੰਦਰ ਧਾਰਮਿਕ ਸਥਾਨਾਂ ਸਮੇਤ ਹੋਰ ਸਥਾਨਾਂ ‘ਤੇ ਹਾਲ ਹੀ ‘ਚ ਵਧਾਈ ਗਈ ਪੰਜਾਬ ਪੁਲੀਸ ਅਤੇ ਕੇਂਦਰੀ ਸੁਰੱਖਿਆ ਬਲਾਂ ਦੀ ਨਫਰੀ ਸਿੱਖਾਂ ਦੀ ਦਿੱਖ ਦੁਨੀਆਂ ਭਰ ‘ਚ ਖਰਾਬ ਕਰਨ ਦੀ ਇਕ ਸਾਜਿਸ਼ ਹੈ। ਇਸ ਲਈ ਉਨ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸੇਧਿਆ। ਐਡਵੋਕੇਟ ਧਾਮੀ ਨੇ ਕਿਹਾ ਕਿ ਦੋਵੇਂ ਸਰਕਾਰਾਂ ਸਾਂਝੇ ਰੂਪ ਦੇ ‘ਚ ਲੁਕਵੇਂ ਏਜੰਡੇ ਤਹਿਤ ਸੂਬੇ ਦੇ ਲੋਕਾਂ ‘ਚ ਡਰ ਪੈਦਾ ਕਰਨਾ ਚਾਹੁੰਦੀਆਂ ਹਨ। ਧਾਮੀ ਨੇ ਕਿਹਾ ਕਿ ਕਿਸੇ ਸਮੇਂ ਕਾਂਗਰਸ ਵੀ ਇਸ ਰਾਹ ‘ਤੇ ਚੱਲੀ ਸੀ ਤੇ ਫੇਲ੍ਹ ਹੋਣ ਤੋਂ ਬਾਅਦ ਟਿਕ ਕੇ ਬੈਠ ਗਈ ਪਰ ਹੁਣ ਮੌਜੂਦਾ ਪੰਜਾਬ ਅਤੇ ਕੇਂਦਰ ਸਰਕਾਰ ਵੀ ਇਸੇ ਨੀਤੀ ‘ਤੇ ਚੱਲ ਰਹੀ ਹੈ। ਧਾਮੀ ਨੇ ਕਿਹਾ ਕਿ ਇਹ ਸਾਰਾ ਕੁਝ 2024 ਦੀ ਚੋਣਾਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾ ਵੱਡੀ ਮਾਤਰਾ ‘ਚ ਗੁਰੂ ਘਰਾਂ ਦੇ ਬਾਹਰ ਫੋਰਸ ਲਾਉਣ ਨਾਲ ਲੋਕਾਂ ‘ਚ ਡਰ ਪੈਦਾ ਹੋਇਆ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵੱਲੋਂ ਸ਼੍ਰੋਮਣੀ ਕਮੇਟੀ ਦੀ ‘ਸਿੰਘ ਸਜੋ ਅੰਮ੍ਰਿਤ ਛਕੋ’ ਲਹਿਰ ਦੇ ਤਹਿਤ ਆਯੋਜਿਤ ਕੀਤੇ ਗਏ ਖਾਲਸਾਈ ਮਾਰਚ ਨੂੰ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਰਵਾਨਾ ਕੀਤਾ ਗਿਆ। ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸਥਾਨਕ ਭਾਈ ਨੰਦ ਲਾਲ ਪਬਲਿਕ ਸਕੂਲ ਵਿਖੇ ਸ਼੍ਰੋਮਣੀ ਕਮੇਟੀ ਦੇ ਡਾਇਰੈਕਟਰੇਟ ਅਤੇ ਯੂ.ਕੇ. ਦੇ ਇਕ ਲਾਇਨਜ਼ ਕਲੱਬ ਨਾਲ ਸਾਂਝੇ ਰੂਪ ‘ਚ ਲਗਾਏ ਜਾ ਰਹੇ ਵਿਦਿਆਰਥੀ ਕੈਂਪ ਦਾ ਉਦਘਾਟਨ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਛੋਟੀ ਉਮਰ ‘ਚ ਵਿਦਿਆਰਥੀਆਂ ‘ਚ ਗੁਰਮਤਿ ਚੇਤਨਾ ਤੇ ਸਿੱਖੀ ਸਿਧਾਤਾਂ ਨੂੰ ਪੱਕਿਆਂ ਕਰਨ ਦੇ ਮੰਤਵ ਨਾਲ ਇਹ ਕੈਂਪ ਲਗਾਇਆ ਜਾ ਰਿਹਾ ਜਿਸ ਲਈ ਕੈਂਪ ਦੇ ਆਯੋਜਕ ਵਧਾਈ ਦੇ ਪਾਤਰ ਨੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਸਰਵਨ ਸਿੰਘ ਕੁਲਾਰ, ਸ਼੍ਰੋਮਣੀ ਕਮੇਟੀ ਦੇ ਸਿੱਖਿਆ ਸਕੱਤਰ ਸੁਖਮਿੰਦਰ ਸਿੰਘ, ਬੀਬੀ ਸੁਖਵੰਤ ਕੌਰ, ਮੈਨੇਜਰ ਗੁਰਦੀਪ ਸਿੰਘ ਕੰਗ, ਐਡੀਸ਼ਨਲ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਗੁਰਦਿਆਲ ਸਿੰਘ ਮੀਤ ਸਕੱਤਰ, ਪ੍ਰਿੰਸੀਪਲ ਡਾ. ਜਸਵੀਰ ਸਿੰਘ, ਪ੍ਰਿੰਸਿਪਲ ਸਤਨਾਮ ਸਿੰਘ, ਪ੍ਰਿੰ. ਹਰਪ੍ਰੀਤ ਕੌਰ, ਪ੍ਰਿੰ. ਦਲਵਿੰਦਰ ਕੌਰ, ਜਥੇਦਾਰ ਰਾਮ ਸਿੰਘ ਆਦਿ ਹਾਜ਼ਰ ਸਨ।