ਇਕ ਸਾਲ ਦੀ ਮੁੜ ਉਸਾਰੀ ਤੋਂ ਬਾਅਦ ਸਿੰਗਾਪੁਰ ਦੇ ਚੀਨਟਾਊਨ ‘ਚ ਲਗਭਗ 200 ਸਾਲਾਂ ਦੇ ਇਤਿਹਾਸ ਦੇ ਸਭ ਤੋਂ ਪੁਰਾਣੇ ਹਿੰਦੂ ਮੰਦਰ ਨੇ ਆਪਣੇ ਛੇਵੇਂ ਪਵਿੱਤਰ ਸਮਾਰੋਹ ਦੇ ਨਾਲ ਆਪਣੇ ਦਰਵਾਜ਼ੇ ਜਨਤਾ ਲਈ ਖੋਲ੍ਹ ਦਿੱਤੇ। ਤੜਕੇ ਦੀ ਬਾਰਿਸ਼ ਦੇ ਬਾਵਜੂਦ ਲਗਭਗ 20,000 ਸ਼ਰਧਾਲੂ ਇਸ ਸਮਾਰੋਹ ਨੂੰ ਦੇਖਣ ਲਈ ਸ਼੍ਰੀ ਮਰਿਅਮਨ ਮੰਦਰ ‘ਚ ਇਕੱਠੇ ਹੋਏ ਜਿਸ ਨੂੰ ਮਹਾਂ ਕੁੰਬਬੀਸ਼ੇਗਮ ਵੀ ਕਿਹਾ ਜਾਂਦਾ ਹੈ, ਜੋ ਹਰ 12 ਸਾਲਾਂ ਬਾਅਦ ਹੁੰਦਾ ਹੈ। ਦਿ ਸਟਰੇਟ ਟਾਈਮਜ਼ ਦੀ ਰਿਪੋਰਟ ਮੁਤਾਬਕ ਧਾਰਮਿਕ ਜਾਪਾਂ ਦੀ ਗੂੰਜ ਦੇ ਵਿਚਕਾਰ ਹਿੰਦੂ ਪੁਜਾਰੀ ਰਾਜਾ ਗੋਪੁਰਮ ਜਾਂ ਮੰਦਰ ਦੇ ਵਿਸ਼ਾਲ ਪ੍ਰਵੇਸ਼ ਦੁਆਰ ਅਤੇ ਛੇ ‘ਵਿਮਾਨਮ’ ਜਾਂ ਮੰਦਰ ਦੇ ਬੁਰਜਾਂ ‘ਤੇ ਚੜ੍ਹੇ ਅਤੇ ਪਵਿੱਤਰਤਾ ਦੀਆਂ ਰਸਮਾਂ ਪੂਰੀਆਂ ਕੀਤੀਆਂ। ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਨੇ ਇਕ ਫੇਸਬੁੱਕ ਪੋਸਟ ‘ਚ ਕਿਹਾ ਕਿ ‘ਇਹ ਬਹੁ-ਸੱਭਿਆਚਾਰਕ ਸਿੰਗਾਪੁਰ ‘ਚ ਰਹਿਣ ਦਾ ਹਿੱਸਾ ਹੈ, ਜਿੱਥੇ ਪੂਰਾ ਭਾਈਚਾਰਾ ਇਕ ਦੂਜੇ ਦੇ ਸੱਭਿਆਚਾਰਕ ਅਤੇ ਧਾਰਮਿਕ ਮੀਲ ਪੱਥਰਾਂ ਨੂੰ ਮਨਾਉਣ ਲਈ ਇਕੱਠੇ ਹੁੰਦਾ ਹੈ।’ ਵੋਂਗ ਨੇ ਸੰਚਾਰ ਅਤੇ ਸੂਚਨਾ ਮੰਤਰੀ ਜੋਸੇਫੀਨ ਟੀਓ, ਟਰਾਂਸਪੋਰਟ ਮੰਤਰੀ ਐੱਸ. ਈਸਵਰਨ ਅਤੇ ਬੁਕਿਟ ਬਟੋਕ ਦੇ ਸੰਸਦ ਮੈਂਬਰ ਮੁਰਲੀ ਪਿੱਲਈ ਦੇ ਨਾਲ ਸਮਾਰੋਹ ‘ਚ ਸ਼ਿਰਕਤ ਕੀਤੀ। 3.5 ਮਿਲੀਅਨ ਸਿੰਗਾਪੁਰੀ ਡਾਲਰ ਦੀ ਲਾਗਤ ਨਾਲ ਮੰਦਰ ਨੂੰ ਤਿਆਰ ਕਰਨ ‘ਚ ਇੰਡੀਆ ਦੇ 12 ਮਾਹਰ ਮੂਰਤੀਕਾਰ ਅਤੇ ਸੱਤ ਧਾਤ ਅਤੇ ਲੱਕੜ ਦੇ ਕਾਰੀਗਰ ਸ਼ਾਮਲ ਸਨ। ਉਨ੍ਹਾਂ ਨੇ ਮੰਦਰ ਦੇ ਅਸਲੀ ਰੰਗ ਅਤੇ ਬਣਤਰ ਨੂੰ ਬਰਕਰਾਰ ਰੱਖਦੇ ਹੋਏ ਪਾਵਨ ਅਸਥਾਨਾਂ, ਗੁੰਬਦਾਂ ਅਤੇ ਛੱਤ ਦੇ ਫ੍ਰੈਸਕੋ ‘ਤੇ ਕੰਮ ਕੀਤਾ। ਸਮਾਰੋਹ ਤੋਂ ਬਾਅਦ ਮੰਡਲਬੀਸ਼ੇਗਮ ਮਤਲਬ 48 ਦਿਨਾਂ ਦੇ ਧਾਰਮਿਕ ਰੀਤੀ ਰਿਵਾਜ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਣਗੇ।