ਸੰਗੀਤ ਸਮਾਰੋਹ ‘ਚ ਆਏ ਲੋਕਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਸਮਾਪਤੀ ‘ਤੇ ਇਸ ਤਰ੍ਹਾਂ ਭਗਦੜ ਮਚ ਜਾਵੇਗੀ ਜੋ ਕਈਆਂ ਦੀ ਮੌਤ ਦਾ ਕਾਰਨ ਬਣੇਗੀ। ਭੱਜ-ਦੌੜ ਮਚਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਇਹ ਘਟਨਾ ਗੁਆਟੇਮਾਲਾ ਦੇ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਪੱਛਮੀ ਸ਼ਹਿਰ ਕੁਏਟਜ਼ਾਲਟੇਨੈਂਗੋ ਦੀ ਹੈ। ਇਕ ਸੰਗੀਤ ਸਮਾਰੋਹ ਦੇ ਅੰਤ ‘ਚ ਮਚੀ ਭੱਜ-ਦੌੜ ‘ਚ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਰੈੱਡ ਕਰਾਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵੀਰਵਾਰ ਨੂੰ ਕੁਏਟਜ਼ਾਲਟੇਨੈਂਗੋ ‘ਚ ਆਯੋਜਿਤ ਇਕ ਸਮਾਰੋਹ ਦੇ ਅੰਤ ‘ਚ ਮੈਦਾਨ ਤੋਂ ਬਾਹਰ ਨਿਕਲਦੇ ਸਮੇਂ ਭੱਜ-ਦੌੜ ਮਚ ਗਈ। ਇਸ ਘਟਨਾ ‘ਚ 9 ਲੋਕਾਂ ਦੀ ਮੌਤ ਹੋ ਗਈ ਅਤੇ 20 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ 15 ਸਤੰਬਰ ਨੂੰ ਕੋਸਟਾ ਰੀਕਾ, ਅਲ ਸਲਵਾਡੋਰ, ਗੁਆਟੇਮਾਲਾ, ਹੋਂਡੁਰਾਸ ਅਤੇ ਨਿਕਾਰਾਗੁਆ ਦੇ ਸਪੇਨ ਤੋਂ ਆਜ਼ਾਦੀ ਦੀ 201ਵੀਂ ਵਰ੍ਹੇਗੰਢ ਸੀ।