ਮੂਲ ਰੂਪ ‘ਚ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਰਸੀ ਪਿੰਡ ਨਾਲ ਸਬੰਧਤ ਸਿੱਖ ਪਰਿਵਾਰ ਦੇ ਚਾਰ ਜੀਆਂ, ਜਿਨ੍ਹਾਂ ‘ਚ ਇਕ 8 ਮਹੀਨੇ ਦੀ ਬੱਚੀ ਸ਼ਾਮਲ ਸੀ, ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ ‘ਚ ਗ੍ਰਿਫ਼ਤਾਰ ਮੁਲਜ਼ਮ ਨੇ ਗੁਨਾਹ ਕਬੂਲ ਨਹੀਂ ਕੀਤਾ ਹੈ। ਯਾਦ ਰਹੇ ਕਿ ਇਸ ਮਹੀਨੇ ਦੇ ਸ਼ੁਰੂ ‘ਚ ਅੱਠ ਮਹੀਨੇ ਦੀ ਅਰੂਹੀ ਢੇਰੀ, ਉਸਦੇ ਮਾਤਾ-ਪਿਤਾ ਅਤੇ ਪਿਤਾ ਦੇ ਭਰਾ ਨੂੰ ਜੀਸਸ ਸਾਲਗਾਡੋ ਨਾਂ ਦੇ ਮੁਲਜ਼ਮ ਨੇ ਬੰਦੂਕ ਦੀ ਨੋਕ ‘ਤੇ ਅਗਵਾ ਕਰ ਲਿਆ ਸੀ। ਅਧਿਕਾਰੀਆਂ ਦਾ ਦੋਸ਼ ਹੈ ਕਿ ਸਾਲਗਾਡੋ, ਜੋ ਕਿ ਸਾਲ ਪਹਿਲਾਂ ਇਸ ਸਿੱਖ ਪਰਿਵਾਰ ਦੀ ਟਰੱਕ ਕੰਪਨੀ ‘ਚ ਕੰਮ ਕਰਦਾ ਸੀ, ਨੇ ਅਗਵਾ ਹੋਣ ਦੇ ਇਕ ਘੰਟੇ ਦੇ ਅੰਦਰ ਹੀ ਪਰਿਵਾਰ ਦਾ ਕਤਲ ਕਰ ਦਿੱਤਾ ਸੀ। ਉਨ੍ਹਾਂ ਦੀਆਂ ਲਾਸ਼ਾਂ ਅਗਵਾ ਕੀਤੇ ਜਾਣ ਤੋਂ ਦੋ ਦਿਨ ਬਾਅਦ ਦੂਰ-ਦੁਰਾਡੇ ਦੇ ਇਲਾਕੇ ਤੋਂ ਬਰਾਮਦ ਕੀਤੀਆਂ ਗਈਆਂ ਸਨ। 48 ਸਾਲਾ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਨਹੀਂ ਕੀਤਾ। ਉਸ ਦੇ ਅਗਲੇ ਮਹੀਨੇ ਤੋਂ ਮੁਕੱਦਮੇ ਦਾ ਸਾਹਮਣਾ ਕਰਨ ਦੀ ਸੰਭਾਵਨਾ ਹੈ ਅਤੇ ਉਹ ਇਸ ਸਮੇਂ ਜੇਲ੍ਹ ‘ਚ ਹੈ। ਸਾਲਗਾਡੋ ਲਈ ਅਦਾਲਤ ਦੁਆਰਾ ਨਿਯੁਕਤ ਅਟਾਰਨੀ ਡਗਲਸ ਫੋਸਟਰ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਅਰੂਹੀ, ਉਸਦੀ ਮਾਂ ਜਸਲੀਨ ਕੌਰ (27), ਪਿਤਾ ਜਸਦੀਪ ਸਿੰਘ (36) ਅਤੇ ਜਸਦੀਪ ਦੇ ਭਰਾ ਅਮਨਦੀਪ ਸਿੰਘ (39) ਦੀਆਂ ਲਾਸ਼ਾਂ ਕੈਲੀਫੋਰਨੀਆ ਦੀ ਸੈਨ ਜੋਆਕੁਇਨ ਵੈਲੀ ‘ਚ ਇਕ ਬਦਾਮ ਦੇ ਬਾਗ ‘ਚ ਇਕ ਕਿਸਾਨ ਦੁਆਰਾ ਬਰਾਮਦ ਕੀਤੀਆਂ ਗਈਆਂ ਸਨ। ਸਾਲਗਾਡੋ ‘ਤੇ ਕਤਲ ਦੇ ਚਾਰ ਮਾਮਲਿਆਂ ਦਾ ਦੋਸ਼ ਲਗਾਇਆ ਗਿਆ ਹੈ। ਉਸ ‘ਤੇ ਅੱਗਜ਼ਨੀ ਅਤੇ ਹਥਿਆਰ ਰੱਖਣ ਦਾ ਵੀ ਦੋਸ਼ ਹੈ। ਦੋਸ਼ੀ ਪਾਏ ਜਾਣ ‘ਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਇਸ ਦੌਰਾਨ ਆਰੂਹੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕਾਂ ਦਾ ਅੰਤਿਮ ਸਸਕਾਰ ਸ਼ਨਿਚਰਵਾਰ ਨੂੰ ਤੁਰਲੋਕ ‘ਚ ਕੀਤਾ ਜਾਵੇਗਾ। ਸਿਰਫ ਪਰਿਵਾਰਕ ਮੈਂਬਰ ਹੀ ਅੰਤਿਮ ਸਸਕਾਰ ‘ਚ ਸ਼ਾਮਲ ਹੋਣਗੇ ਪਰ ਪਰਿਵਾਰ ਦਾ ਸਮਰਥਨ ਕਰਨ ਵਾਲੇ ਲੋਕ ਅੰਤਿਮ ਸੰਸਕਾਰ ਵਾਲੀ ਥਾਂ ਦੇ ਬਾਹਰ ਇਕੱਠੇ ਹੋ ਸਕਦੇ ਹਨ।