ਦੇਸ਼ ਦੀ ਆਜ਼ਾਦੀ ਦੇ ਅੱਠ ਵਰ੍ਹੇ ਮਗਰੋਂ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਪੁਲੀਸ ਭੇਜ ਕੇ ਗੁਰੂਧਾਮ ਦੀ ਬੇਹੁਰਮਤੀ ਕਰਵਾਈ ਗਈ ਸੀ। ਸਾਕਾ ਨੀਲਾ ਤਾਰਾ ਫੌਜੀ ਹਮਲੇ ਵਾਂਗ ਸਿੱਖ ਕੌਮ ਕਦੇ ਵੀ ਇਸ ਹਮਲੇ ਨੂੰ ਨਹੀਂ ਭੁੱਲ ਸਕਦੀ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ। ਉਹ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ’ਚ 4 ਜੁਲਾਈ 1955 ਨੂੰ ਹੋਏ ਹਮਲੇ ਦੀ ਯਾਦ ’ਚ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਖਿਆ ਕਿ ਸਿੱਖਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਦਿੱਤੀਆਂ, ਫਿਰ ਵੀ ਉਨ੍ਹਾਂ ਨਾਲ ਬੇਗਾਨਿਆਂ ਵਾਲਾ ਸਲੂਕ ਹੋਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ 1955 ਵਿੱਚ ਸ੍ਰੀ ਹਰਿਮੰਦਰ ਸਾਹਿਬ ਸਮੂਹ ’ਚ ਪੁਲੀਸ ਭੇਜ ਕੇ ਨਾ ਸਿਰਫ਼ ਗੁਰ-ਅਸਥਾਨ ਦੀ ਬੇਅਦਬੀ ਕੀਤੀ ਗਈ, ਸਗੋਂ ਸਿੱਖਾਂ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਵੀ ਕੀਤਾ ਗਿਆ। ਉਨ੍ਹਾਂ ਸੋਸ਼ਲ ਮੀਡੀਆ ’ਤੇ ਸਿੱਖ ਸੰਸਥਾਵਾਂ ਨੂੰ ਜਾਣ-ਬੁੱਝ ਕੇ ਬਦਨਾਮ ਕਰਨ ਦੇ ਰੁਝਾਨ ’ਤੇ ਚਿੰਤਾ ਜ਼ਾਹਿਰ ਕਰਦਿਆਂ ਸਿੱਖ ਜਗਤ ਨੂੰ ਆਪਣੇ ਇਤਿਹਾਸ ਤੋਂ ਸੇਧ ਲੈਣ ਦੀ ਅਪੀਲ ਕੀਤੀ। ਇਸ ਮੌਕੇ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਅੱਜ ਵੀ ਸਿੱਖਾਂ ਨਾਲ ਬੇਇਨਸਾਫੀ ਦਾ ਦੌਰ ਜਾਰੀ ਹੈ। ਪੰਜਾਬ ਯੂਨੀਵਰਸਿਟੀ, ਬੀਬੀਐੱਮਬੀ, ਬੰਦੀ ਸਿੰਘ ਤੇ ਚੰਡੀਗਡ਼੍ਹ ਆਦਿ ਮੁੱਦੇ ਜਾਣ-ਬੁੱਝ ਕੇ ਉਲਝਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਰਾਗੀ ਢਾਡੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਇਕ ਵੱਖਰੇ ਸੁਨੇਹੇ ’ਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਸਿੱਖ ਕੌਮ ਨੂੰ ਕਦੇ ਆਪਣਾ ਇਤਿਹਾਸ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਜਿਹਡ਼ੀਆਂ ਕੌਮਾਂ ਆਪਣੇ ਇਤਿਹਾਸ ਭੁੱਲ ਜਾਂਦੀਆਂ ਹਨ, ਉਹ ਰੁਲ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਾਕਾ ਨੀਲਾ ਤਾਰਾ ਫੌਜੀ ਹਮਲੇ ਵਾਂਗ 4 ਜੁਲਾਈ 1955 ਦਾ ਇਹ ਹਮਲਾ ਵੀ ਸਦਾ ਸਿੱਖਾਂ ਨੂੰ ਦੁੱਖ ਦਿਵਾਉਂਦਾ ਰਹੇਗਾ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਦਰਬਾਰ ਸਾਹਿਬ ਦੀ ਬੁਹਰਮਤੀ ਕਰਨ ਵਾਲੇ ਇਸ ਹਮਲੇ ਦੌਰਾਨ ਗੁਰੂਘਰ ਵਿੱਚ ਬੂਟਾਂ ਸਣੇ ਪੁਲੀਸ ਭੇਜੀ ਗਈ, ਅੱਥਰੂ ਗੈਸ ਦੇ ਗੋਲੇ ਚਲਾਏ ਗਏ ਤੇ ਲੰਗਰਘਰ ਤੇ ਪ੍ਰਸਾਦਿ ਵਰਤਾਉਣ ਵਾਲੀ ਥਾਂ ਤੋਂ ਲਗਪਗ ਤਿੰਨ ਹਜ਼ਾਰ ਮੁਲਾਜ਼ਮਾਂ ਤੇ ਸਿੱਖ ਸੰਗਤ ਨੂੰ ਗ੍ਰਿਫ਼ਤਾਰ ਕੀਤਾ ਗਿਆ।