1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਗੁੜਗਾਓਂ ਅਤੇ ਪਟੌਦੀ ‘ਚ ਹੋਏ 47 ਸਿੱਖਾਂ ਦੇ ਕਤਲੇਆਮ ਦੇ ਮਾਮਲੇ ਦੀ ਸੁਣਵਾਈ ਹਾਈ ਕੋਰਟ ‘ਚ ਹੋਈ। ਇਸ ਸੁਣਵਾਈ ਦੌਰਾਨ ਉੱਚ ਅਦਾਲਤ ਨੇ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਸਮੇਤ ਗੁੜਗਾਓਂ ਦੇ ਡਿਪਟੀ ਕਮਿਸ਼ਨਰ ਸਮੇਤ 9 ਧਿਰਾਂ ਨੂੰ ਕੀਤੇ ਨੋਟਿਸ ਜਾਰੀ ਕੀਤੇ। ਇਸ ਕੇਸ ਦੀ ਅਗਲੀ ਪੇਸ਼ੀ 7 ਫਰਵਰੀ ਨੂੰ ਹੋਵੇਗੀ। ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਲੜਾਈ ਲੜ ਰਹੇ ਹੋਂਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਕੇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2 ਨਵੰਬਰ 1984 ਨੂੰ ਗੁੜਗਾਓਂ ਪਟੌਦੀ ਹਰਿਆਣਾ ਵਿਖੇ ਵਹਿਸ਼ੀਆਨਾ ਭੀੜ ਨੇ 297 ਘਰਾਂ ਨੂੰ ਅੱਗ ਲਗਾ ਕਿ ਸਾੜ ਫੂਕ ਦਿੱਤਾ ਸੀ ਅਤੇ 47 ਸਿੱਖਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਕੇ ਮਾਰ ਦਿੱਤਾ ਸੀ। ਇਸ ਸਬੰਧੀ ਹੋਂਦ ਚਿੱਲੜ ਸਿੱਖ ਇਨਸਾਫ ਕਮੇਟੀ ਵੱਲੋਂ ਰਿੱਟ ਨੰਬਰ 10904 ਪੀੜਤ ਸੰਤੋਖ ਸਿੰਘ ਸਾਹਨੀ ਰਾਹੀਂ ਸੀਨੀਅਰ ਵਕੀਲ ਗਗਨਦੀਪ ਸਿੰਘ ਬੱਲ ਰਾਹੀਂ 133 ਪਟੀਸ਼ਨਾਂ ਲਗਾਈਆਂ ਗਈਆ ਸਨ। ਜਿਸ ਦੀ ਹਾਈ ਕੋਰਟ ਵਿਖੇ ਜਸਟਿਸ ਵਿਨੋਦ ਕੁਮਾਰ ਭਾਰਦਵਾਜ ਇਕਹਿਰੀ ਬੈਂਚ ਮੂਹਰੇ ਸੁਣਵਾਈ ਹੋਈ। ਘੋਲੀਆ ਨੇ ਅੱਗੇ ਦੱਸਿਆ ਕਿ ਸਿੱਖ ਕਤਲੇਆਮ ਮਾਮਲੇ ‘ਚ ਮਾਣਯੋਗ ਹਾਈ ਕੋਰਟ ਨੇ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਅਤੇ ਗੁੜਗਾਓਂ ਦੇ ਡੀ.ਸੀ. ਸਮੇਤ 9 ਧਿਰਾਂ ਨੂੰ ਨੋਟਿਸ ਜਾਰੀ ਕੀਤੇ ਹਨ ਅਤੇ ਅਗਲੀ ਪੇਸ਼ੀ 7 ਫਰਵਰੀ ਨੂੰ ਹੋਵੇਗੀ। ਹੋਂਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਘੋਲੀਆ ਨੇ ਕਿਹਾ ਕਿ 1984 ਸਿੱਖ ਕਤਲੇਆਮ ਮਾਮਲਾ ਦੁਨੀਆਂ ਦੇ ਇਤਿਹਾਸ ‘ਚ ਇਕਲੌਤਾ ਕਤਲੇਆਮ ਹੈ ਜੋ ਹਿਟਲਰ ਦੇ ਜ਼ੁਲਮ ਵੀ ਮਾਤ ਪਾ ਗਿਆ। ਉਹ ਪੀੜਤਾਂ ਨੂੰ ਇਨਸਾਫ ਤੇ ਨਿਆਂ ਦਿਵਾਉਣ ਲਈ ਕਾਨੂੰਨੀ ਪ੍ਰਕਿਰਿਆ ਰਾਹੀਂ ਆਪਣਾ ਸੰਘਰਸ਼ ਨਿਰੰਤਰ ਜਾਰੀ ਰੱਖਣਗੇ ਭਾਵੇਂ ਉਨ੍ਹਾਂ ਨੂੰ ਸੁਪਰੀਮ ਕੋਰਟ ਵੀ ਜਾਣਾ ਪਵੇ। ਇਸ ਮੌਕੇ ਪੀੜਤ ਗੁਰਦੀਪ ਸਿੰਘ ਕੁਰੂਕਸ਼ੇਤਰ, ਬਲਕਰਨ ਸਿੰਘ ਢਿੱਲੋਂ ਮੋਗਾ, ਗਿਆਨ ਸਿੰਘ ਖਾਲਸਾ ਤੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਭਾਈ ਸਰਬਜੀਤ ਸਿੰਘ ਅੰਮ੍ਰਿਤਸਰ ਆਦਿ ਹਾਜਰ ਸਨ।