ਸਿੱਖ ਕਤਲੇਆਮ ਦੇ ਪੀੜਤਾਂ ਦੀ ਜਥੇਬੰਦੀ ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਦਾ ਵਫ਼ਦ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਿਆ। ਜਥੇਦਾਰ ਨੂੰ ਮੰਗ ਪੱਤਰ ਸੌਂਪਦਿਆਂ ਵਫ਼ਦ ਨੇ ਖਦਸ਼ਾ ਪ੍ਰਗਟਾਇਆ ਕਿ ਸਰਕਾਰਾਂ ਵੱਲੋਂ ਸਾਜ਼ਿਸ਼ ਤਹਿਤ ਦੰਗਾ ਪੀੜਤਾਂ ਦੇ ਬਣਾਏ ਗਏ ‘ਲਾਲ ਕਾਰਡ’ ਰੱਦ ਕਰ ਕੇ ਮੁੜ ਉਨ੍ਹਾਂ ਨੂੰ ਉਜਾੜਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ‘ਚ ਦਖ਼ਲ ਦੇ ਕੇ ਉਨ੍ਹਾਂ ਦਾ ਮਾਮਲਾ ਸਰਕਾਰਾਂ ਤੱਕ ਪਹੁੰਚਾਉਣ। ਜਥੇਬੰਦੀ ਦੇ ਪ੍ਰਧਾਨ ਸੁਰਜੀਤ ਸਿੰਘ, ਇਸਤਰੀ ਵਿੰਗ ਦੀ ਪ੍ਰਧਾਨ ਗੁਰਦੀਪ ਕੌਰ ਤੇ ਹੋਰਨਾਂ ਨੇ ਕਿਹਾ ਕਿ ’84 ਵਿੱਚ ਲਗਪਗ ਦਸ ਹਜ਼ਾਰ ਸਿੱਖਾਂ ਦਾ ਕਤਲੇਆਮ ਹੋਇਆ ਸੀ ਅਤੇ ਦੇਸ਼ ਭਰ ਵਿੱਚੋਂ ਲਗਪਗ 25 ਹਜ਼ਾਰ ਸਿੱਖ ਪਰਿਵਾਰ ਉੱਜੜ ਕੇ ਪੰਜਾਬ ਆਏ ਸਨ। ਉਸ ਵੇਲੇ ਪੰਜਾਬ ਸਰਕਾਰ ਵੱਲੋਂ ਉਕਤ ਪਰਿਵਾਰਾਂ ਨੂੰ ਲਾਲ ਸ਼ਨਾਖ਼ਤੀ ਕਾਰਡ ਜਾਰੀ ਕਰਦਿਆਂ ਮਾਲੀ ਸਹਾਇਤਾ ਵਜੋਂ ਦੋ-ਦੋ ਲੱਖ ਰੁਪਏ ਵੀ ਦਿੱਤੇ ਗਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਪੰਜਾਬ ‘ਚ ਆਪਣੇ ਕੁਝ ਹਮਾਇਤੀਆਂ ਨੂੰ ਜਾਅਲੀ ਦੰਗਾ ਪੀੜਤ ਬਣਾ ਕੇ ਲਾਭ ਦਿੱਤੇ ਗਏ ਸਨ, ਜਿਨ੍ਹਾਂ ਵੱਲੋਂ ਦੰਗਾ ਪੀੜਤਾਂ ਖ਼ਿਲਾਫ਼ ਕਈ ਬੇਬੁਨਿਆਦ ਸ਼ਿਕਾਇਤਾਂ ਤੇ ਅਦਾਲਤਾਂ ‘ਚ ਪਟੀਸ਼ਨਾਂ ਵੀ ਪਾਈਆਂ ਗਈਆਂ ਹਨ। ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਉਕਤ ਰੱਦ ਕੀਤੇ ਕਾਰਡਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ‘ਆਪ’ ਸਰਕਾਰ ਨੇ ਵੀ ਬਿਨਾਂ ਕੋਈ ਸੁਣਵਾਈ ਕੀਤਿਆਂ ਵੱਡੀ ਗਿਣਤੀ ਲਾਲ ਕਾਰਡ ਰੱਦ ਕਰਦਿਆਂ ਬਾਕੀਆਂ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਜਥੇਦਾਰ ਹਰਪ੍ਰੀਤ ਸਿੰਘ ਨੇ ਵਫ਼ਦ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਦੰਗਾ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਾਸਤੇ ਰੋਪਵੇਅ ਬਣਾਉਣ ਲਈ ਪ੍ਰਧਾਨ ਮੰਤਰੀ ਵੱਲੋਂ ਨੀਂਹ ਪੱਥਰ ਰੱਖੇ ਜਾਣ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਇਸ ਸਬੰਧ ‘ਚ ਪ੍ਰਧਾਨ ਮੰਤਰੀ ਨੂੰ ਮੁਬਾਰਕਬਾਦ ਦਿੰਦਿਆਂ ਇਕ ਪੱਤਰ ਵੀ ਭੇਜਿਆ ਹੈ। ਉਨ੍ਹਾਂ ਕਿਹਾ ਕਿ ਰੋਪਵੇਅ ਤਿਆਰ ਹੋਣ ਨਾਲ ਵੱਡੀ ਗਿਣਤੀ ਸੰਗਤ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕੇਗੀ।