ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸ਼ਿਕਾਇਤ ‘ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਸ ਨਾਲ ਪੰਜਾਬ ਕਾਂਗਰਸ ‘ਚ ਇਕ ਵਾਰ ਫਿਰ ਨਵਾਂ ਕਲੇਸ਼ ਛਿੜ ਗਿਆ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਮੁੱਦੇ ‘ਤੇ ਹਲਕਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਅਸਲ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਾੜਿੰਗ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਾਰਟੀ ਵਰਕਰਾਂ ਸਮੇਤ ਵਿਰੋਧ ਕਰ ਰਹੇ ਸੀ। ਸੁਖਪਾਲ ਖਹਿਰਾ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਇਕ ਵਿਅਕਤੀ ਲਈ ਕੈਡਰ ਦੀ ਐਨਰਜੀ ਬਰਬਾਦ ਨਾ ਕਰੋ। ਸੁਖਪਾਲ ਖਹਿਰਾ ਨੇ ਰਾਜਾ ਵੜਿੰਗ ਨੂੰ ਉਨ੍ਹਾਂ ਵੱਲੋਂ ਲਾਇਆ ਧਰਨਾ ਹਟਾਉਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਹੁਣ ਹਰੀਸ਼ ਚੌਧਰੀ ਵੱਲੋਂ ਸੁਖਪਾਲ ਖਹਿਰਾ ਤੋਂ ਜਵਾਬ ਮੰਗਿਆ ਗਿਆ ਹੈ ਕਿ ਉਨ੍ਹਾਂ ਨੇ ਪਾਰਟੀ ਦੇ ਖ਼ਿਲਾਫ਼ ਇਹ ਗਤੀਵਿਧੀਆਂ ਕਿਉਂ ਕੀਤੀਆਂ ਹਨ। ਸੁਖਪਾਲ ਖਹਿਰਾ ਦੀ ਗੱਲ ‘ਤੇ ਰਾਜਾ ਵੜਿੰਗ ਨੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਬਿਨਾਂ ਮੰਗੇ ਸਲਾਹ ਨਹੀਂ ਦੇਣੀ ਚਾਹੀਦੀ। ਦੱਸਣਯੋਗ ਹੈ ਕਿ ਵਿਧਾਇਕ ਸੰਦੀਪ ਜਾਖੜ ਵੀ ਰਾਜਾ ਵੜਿੰਗ ‘ਤੇ ਤੰਜ ਕੱਸ ਚੁੱਕੇ ਹਨ। ਨੋਟਿਸ ਜਾਰੀ ਹੋਣ ਤੋਂ ਬਾਅਦ ਸੁਖਪਾਲ ਖਹਿਰਾ ਦਾ ਪ੍ਰਤੀਕਰਮ ਹਾਲੇ ਸਾਹਮਣੇ ਨਹੀਂ ਆਇਆ। ਉਂਝ ਟਵੀਟ ਕਰਕੇ ਆਪਣੀ ਗੱਲ ਰੱਖਣ ਤੋਂ ਬਾਅਦ ਸੁਖਪਾਲ ਖਹਿਰਾ ਦੇ ਤੇਵਰ ਪਹਿਲਾਂ ਹੀ ਠੰਡੇ ਪੈ ਗਏ ਸਨ। ਇਸੇ ਦੌਰਾਨ ਬਹੁਤੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਦੀ ਗੱਲ ਨਾਲ ਤਾਂ ਸਹਿਮਤ ਹਨ ਪਰ ਖੁੱਲ੍ਹ ਕੇ ਕੁਝ ਕਹਿਣ ਨੂੰ ਤਿਆਰ ਨਹੀਂ। ਇਹ ਸੀਨੀਅਰ ਕਾਂਗਰਸੀ ਮੰਨਦੇ ਹਨ ਕਿ ਪੰਜਾਬ ਦੇ ਹੋਰ ਅਹਿਮ ਮੁੱਦਿਆਂ ਨੂੰ ਛੱਡ ਕੇ ਭ੍ਰਿਸ਼ਟਾਚਾਰ ‘ਚ ਘਿਰੇ ਸਾਬਕਾ ਮੰਤਰੀ ਦੇ ਹੱਕ ‘ਚ ਇਓਂ ਧਰਨੇ ਲਾਉਣੇ ਕਿਤੇ ਨਾ ਕਿਤੇ ਪਾਰਟੀ ਲਈ ਨੁਕਸਾਨਦੇਹ ਹੋ ਸਕਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ ਅਤੇ ਅਦਾਲਤਾਂ ‘ਚ ਇਨਸਾਫ਼ ਹੋਵੇਗਾ। ਇਹ ਤਰ੍ਹਾਂ ਪੰਜਾਬ ਕਾਂਗਰਸ ਇਕ ਵਾਰ ਫਿਰ ਧੜਿਆਂ ‘ਚ ਵੰਡਦੀ ਜਾ ਰਹੀ ਹੈ ਅਤੇ ਕਾਟੋ ਕਲੇਸ਼ ਹੋਰ ਵਧਣ ਦੇ ਆਸਾਰ ਹਨ।