ਸੀਨੀਅਰ ਕਾਂਗਰਸੀ ਆਗੂ ਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਜਲੰਧਰ ’ਚ ਪ੍ਰੈੱਸ ਕਾਨਫ਼ਰੰਸ ਕਰਕੇ ਲਵਲੀ ਯੂਨੀਵਰਸਿਟੀ ਦੇ ਪੰਚਾਇਤੀ ਜ਼ਮੀਨ ’ਤੇ ਕਥਿਤ ਕਬਜ਼ੇ ਦੇ ਮਾਮਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਖੁੱਲ੍ਹਾ ਚੈਲੰਜ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਹੁਣ ‘ਆਪ’ ਸਰਕਾਰ ਤੇ ਮੰਤਰੀ ਧਾਲੀਵਾਲ ਆਪਣੀ ਹੀ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਯੂਨੀਵਰਸਿਟੀ ਦੇ ਚਾਂਸਲਰ ਖ਼ਿਲਾਫ਼ ਕਾਰਵਾਈ ਕਰਕੇ ਦਿਖਾਉਣ। ਉਨ੍ਹਾਂ ਪੰਚਾਇਤ ਦੀਆਂ ਜ਼ਮੀਨਾਂ ’ਤੇ ਕੀਤੇ ਗਏ ਕਬਜ਼ਿਆਂ ਨੂੰ ਲੈ ਕੇ ਭਗਵੰਤ ਮਾਨ ਦੀ ਸਰਕਾਰ ’ਤੇ ਗੰਭੀਰ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਲਕ ਵੱਲੋਂ ਕੀਤੇ ਗਏ ਪੰਚਾਇਤੀ ਜ਼ਮੀਨ ਦੇ ਕਬਜ਼ੇ ਨੂੰ ਛੁਡਵਾ ਕੇ ਵਿਖਾਉਣ। ‘ਆਪ’ ਸਰਕਾਰ ’ਤੇ ਵੱਡੇ ਇਲਜ਼ਾਮ ਲਗਾਉਂਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਮਾਲਕ ਅਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੀ ਯੂਨੀਵਰਸਿਟੀ ਕੰਪਲੈਕਸ ਅੰਦਰ ਪਹਿਲਾ ਮਸਲਾ ਹਰਦਾਸਪੁਰਾ ਦੀ ਜ਼ਮੀਨ ’ਤੇ ਕੀਤੇ ਕਬਜ਼ੇ ਦਾ ਆਇਆ ਸੀ। ਜਦੋਂ ਸਾਡੇ ਵੱਲੋਂ ਇਹ ਮਸਲਾ ਉਭਾਰਿਆ ਗਿਆ ਤਾਂ ‘ਆਪ’ ਦੀ ਸਰਕਾਰ ਉਸ ਦੀ ਹਿਫਾਜ਼ਤ ’ਤੇ ਆ ਗਈ। ਫਿਰ ਲਵਲੀ ਯੂਨੀਵਰਸਿਟੀ ਵੱਲੋਂ ਪਿੰਡ ਸਰਪੰਚ ਤੋਂ ਬਿਆਨ ਦਿਵਾਇਆ ਗਿਆ ਕਿ ਇਹ ਜ਼ਮੀਨ ਲੀਜ਼ ’ਤੇ ਦਿੱਤੀ ਹੋਈ ਹੈ ਅਤੇ ਉਥੇ ਖੇਤੀ ਕੀਤਾ ਜਾ ਰਹੀ ਹੈ। ਖਹਿਰਾ ਨੇ ਕਿਹਾ ਕਿ ਉਹ ਜ਼ਮੀਨ ਬੰਜਰ ਪਈ ਹੈ ਅਤੇ ਉਸ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਖੇਤੀ ਨਹੀਂ ਕੀਤੀ ਜਾ ਰਹੀ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਉਸ ਜ਼ਮੀਨ ਦੀਆਂ ਬਕਾਇਦਾ ਤਸਵੀਰਾਂ ਵੀ ਟਵੀਟ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਚਹੇਡ਼ੂ ਪਿੰਡ ਦੀ ਜ਼ਮੀਨ ’ਤੇ ਵੀ ਅਰਸੇ ਤੋਂ ਕਬਜ਼ਾ ਕੀਤਾ ਹੋਇਆ ਸੀ। 2010 ’ਚ ਪਿੰਡ ਦੀ ਪੰਚਾਇਤ ’ਤੇ ਦਬਾਅ ਬਣਾ ਕੇ ਇਕ ਤਰਫ਼ਾ ਤਬਾਦਲੇ ’ਤੇ ਪ੍ਰਪੋਜ਼ਲ ਭੇਜ ਦਿੱਤੀ ਗਈ। ਖਹਿਰਾ ਨੇ ਕਿਹਾ ਕਿ ਸਵਾ 13 ਕਿੱਲੇ ਜ਼ਮੀਨ ਜੋ ਕਿ ਯੂਨੀਵਰਸਿਟੀ ਦੇ ਅੰਦਰ ਹੈ ਅਤੇ ਇਸ ’ਤੇ ਬਿਲਡਿੰਗਾਂ ਵੀ ਬਣੀਆਂ ਹੋਈਆਂ ਹਨ। ਖਹਿਰਾ ਨੇ ਕਿਹਾ ਕਿ ਜਿਹਡ਼ੀ ਲਵਲੀ ਯੂਨੀਵਰਸਿਟੀ ਦੇ ਅੰਦਰ ਸਵਾ 13 ਕਿੱਲੇ ਜ਼ਮੀਨ ਹੈ, ਉਹ ਕਰੀਬ 100 ਕਰੋਡ਼ ਦੀ ਜਾਇਦਾਦ ਹੈ ਅਤੇ ਜਿਹਡ਼ੀ ਵੇਈਂ ਦੇ ਕੰਢੇ ’ਤੇ ਹੈ, ਜਿਸ ਨੂੰ ਤਬਾਦਲਾ ਕਰਕੇ ਚਹੇਡ਼ੂ ਦੀ ਪੰਚਾਇਤ ਨੂੰ ਦੇ ਦਿੱਤਾ ਹੈ, ਉਹ 15 ਲੱਖ ਏਕਡ਼ ਵਾਲੀ ਜ਼ਮੀਨ ਹੈ। ਉਨ੍ਹਾਂ ਕਿਹਾ ਕਿ ਅਸ਼ੋਕ ਮਿੱਤਲ ਨੇ 100 ਕਰੋਡ਼ ਦੀ ਜ਼ਮੀਨ ਦਾ ਨਾਨਕ ਨਗਰੀ ਪੰਚਾਇਤ ਤੋਂ ਬਿਨਾਂ ਪੁੱਛੇ ਤਬਾਦਲਾ ਅਪਰੂਵ ਕਰਵਾ ਲਿਆ। ਫਿਰ ਨਾਨਕ ਨਗਰੀ ਪੰਚਾਇਤ ਨੇ ਇਸ ਨੂੰ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਜ਼ਮੀਨ ਦੇ ਤਬਾਦਲੇ ਦਾ ਆਧਾਰ ਹੀ ਗਲਤ ਸੀ।