ਅਮਰੀਕਾ ਦੇ ਇਲੀਨੋਇਸ ਸੂਬੇ ਦੇ ਗੁਰਨੀ ‘ਚ ਸਿਕਸ ਫਲੈਗਸ ਗ੍ਰੇਟ ਅਮਰੀਕਾ ਅਮਿਊਜ਼ਮੈਂਟ ਪਾਰਕ ‘ਚ ਫਾਇਰਿੰਗ ਦੀ ਘਟਨਾ ਵਪਾਰੀ ਹੈ। ਇਸ ‘ਚ ਘੱਟੋ-ਘੱਟ ਤਿੰਨ ਲੋਕ ਜ਼ਖ਼ਮੀ ਹੋ ਗਏ। ਸਿਕਸ ਫਲੈਗਸ ਗ੍ਰੇਟ ਅਮਰੀਕਾ ਨੇ ਸੋਸ਼ਲ ਮੀਡੀਆ ‘ਤੇ ਇਕ ਬਿਆਨ ‘ਚ ਕਿਹਾ, ‘ਅੱਜ ਸ਼ਾਮ ਪਾਰਕ ਦੇ ਬਾਹਰ ਇਕ ਵਾਹਨ ‘ਤੇ ਫਾਇਰਿੰਗ ਹੋਣ ‘ਤੇ ਤਿੰਨ ਲੋਕ ਜ਼ਖ਼ਮੀ ਹੋ ਗਏ। ਵਾਹਨ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ।’ ਮੌਕੇ ‘ਤੇ ਮੌਜੂਦ ਪਾਰਕ ਸੁਰੱਖਿਆ ਅਤੇ ਗੁਰਨੀ ਪੁਲੀਸ ਵਿਭਾਗ ਦੇ ਸਬ ਸਟੇਸ਼ਨ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕੀਤੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲੀਸ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਫਾਇਰਿੰਗ ‘ਚ ਜ਼ਖ਼ਮੀ ਹੋਏ ਲੋਕ ਖ਼ਤਰੇ ਤੋਂ ਬਾਹਰ ਹਨ। ਦੋ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਜਦਕਿ ਤੀਜੇ ਨੇ ਇਲਾਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਅਮਰੀਕਨ ਮੀਡੀਆ ਰਿਪੋਰਟਾਂ ਅਨੁਸਾਰ ਰਾਤ 8 ਵਜੇ ਬੰਦ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਇਹ ਫਾਇਰਿੰਗ ਅਮਿਊਜ਼ਮੈਂਟ ਪਾਰਕ ਦੇ ਸਾਹਮਣੇ ਵਾਲੇ ਦਾਖਲਾ ਦੁਆਰ ‘ਤੇ ਹੋਈ। ਥੀਮ ਪਾਰਕ ਨੂੰ ਖਾਲ੍ਹੀ ਕਰਵਾ ਲਿਆ ਗਿਆ ਹੈ। ਅਜੇ ਤੱਕ ਕਿਸੇ ਨੂੰ ਵੀ ਹਿਰਾਸਤ ‘ਚ ਨਹੀਂ ਲਿਆ ਗਿਆ ਹੈ ਅਤੇ ਪੁਲਸ ਨੇ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ, ਪਰ ਪੁਲੀਸ ਜਾਂਚ ਜਾਰੀ ਹੈ।