ਇਕ ਬੰਦੂਕਧਾਰੀ ਨੇ ਸੋਮਵਾਰ ਨੂੰ ਮੱਧ ਰੂਸ ਦੇ ਇਕ ਸਕੂਲ ‘ਚ ਹਮਲਾ ਕਰ ਦਿੱਤਾ ਅਤੇ ਉਸ ਵੱਲੋਂ ਚਲਾਈਆਂ ਗਈਆਂ ਗੋਲੀਆਂ ‘ਚ 9 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ‘ਚ 5 ਬੱਚੇ ਵੀ ਸ਼ਾਮਲ ਹਨ। ਇਸ ਹਮਲੇ ‘ਚ 20 ਹੋਰ ਜਣੇ ਜ਼ਖਮੀ ਹੋਏ ਹਨ। ਰੂਸ ਦੀ ਜਾਂਚ ਕਮੇਟੀ ਨੇ ਇਕ ‘ਚ ਕਿਹਾ ਕਿ ਉਦਮੁਰਤੀਆ ਦੀ ਰਾਜਧਾਨੀ ਇਜ਼ੇਵਸਕ ਦੇ ਇਕ ਸਕੂਲ ‘ਚ ਹੋਈ ਫਾਇਰਿੰਗ ‘ਚ 2 ਗਾਰਡ, 2 ਅਧਿਆਪਕ ਅਤੇ 5 ਵਿਦਿਆਰਥੀਆਂ ਦੀ ਮੌਤ ਹੋ ਗਈ। ਉਦਮੁਰਤੀਆ ਦੇ ਗਵਰਨਰ ਅਲੈਗਜ਼ੈਂਡਰ ਬ੍ਰੇਚਲੋਵ ਨੇ ਇਕ ਵੀਡੀਓ ਜਾਰੀ ਕਰਕੇ ਦੱਸਿਆ ਕਿ ਅਣਪਛਾਤੇ ਬੰਦੂਕਧਾਰੀ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਜਿਸ ਸਕੂਲ ‘ਚ ਹਮਲਾ ਹੋਇਆ ਹੈ ਉਥੇ ਪਹਿਲੀ ਤੋਂ 11ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ। ਅਧਿਕਾਰੀ ਨੇ ਦੱਸਿਆ ਕਿ ਸਕੂਲ ਨੂੰ ਖਾਲ੍ਹੀ ਕਰਵਾ ਲਿਆ ਗਿਆ ਹੈ ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਹਮਲਾਵਰ ਕੌਣ ਸੀ ਅਤੇ ਉਸ ਦਾ ਮਕਸਦ ਕੀ ਸੀ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਜ਼ੇਵਸਕ ‘ਚ 6,40,000 ਲੋਕ ਰਹਿੰਦੇ ਹਨ। ਇਹ ਮਾਸਕੋ ਤੋਂ ਕਰੀਬ 960 ਕਿਲੋਮੀਟਰ ਪੂਰਬ ‘ਚ, ਮੱਧ ਰੂਸ ਦੇ ਉਰਲ ਪਹਾੜੀ ਖੇਤਰ ਦੇ ਪੱਛਮ ‘ਚ ਸਥਿਤ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਮਗਰੋਂ ਫਾਇਰਿੰਗ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।