ਫਾਇਰਿੰਗ ਦੀਆਂ ਘਟਨਾਵਾਂ ਅਮਰੀਕਾ ‘ਚ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਅਤੇ ਹੁਣ ਆਯੋਵਾ ‘ਚ ਸਥਿਤ ਇਕ ਸਕੂਲ ‘ਚ ਅੰਨ੍ਹੇਵਾਹ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਆਯੋਵਾ ਦੇ ਡੇਸ ਮੋਇਨੇਸ ‘ਚ ਇਕ ਸਕੂਲ ‘ਚ ਫਾਇਰਿੰਗ ਦੌਰਾਨ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ ਇਕ ਅਧਿਆਪਕ ਜ਼ਖ਼ਮੀ ਹੋ ਗਿਆ। ਆਯੋਵਾ ਦੇ ਡੇਸ ਮੋਇਨੇਸ ਸਕੂਲ ‘ਚ ‘ਸਟਾਰਟਸ ਰਾਈਟ ਹੀਅਰ’ ਨਾਂ ਦੇ ਪ੍ਰੋਗਰਾਮ ‘ਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲੀਸ ਨੇ ਦੱਸਿਆ ਕਿ ਦੁਪਹਿਰ ਇਕ ਵਜੇ ਐਮਰਜੈਂਸੀ ਕਰਮਚਾਰੀਆਂ ਨੂੰ ਸਕੂਲ ‘ਚ ਬੁਲਾਇਆ ਗਿਆ ਸੀ। ਅਧਿਕਾਰੀਆਂ ਨੇ ਦੋ ਵਿਦਿਆਰਥੀਆਂ ਨੂੰ ਗੰਭੀਰ ਤੌਰ ‘ਤੇ ਜ਼ਖ਼ਮੀ ਦੇਖਿਆ ਅਤੇ ਤੁਰੰਤ ਸੀ.ਪੀ.ਆਰ. ਦਿੱਤਾ। ਦੋਵਾਂ ਹੀ ਵਿਦਿਆਰਥੀਆਂ ਦੀ ਹਸਪਤਾਲ ‘ਚ ਮੌਤ ਹੋ ਗਈ। ਉਥੇ ਹੀ ਇਕ ਅਧਿਆਪਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲੀਸ ਨੇ ਦੱਸਿਆ ਕਿ ਫਾਇਰਿੰਗ ਤੋਂ ਲੱਗਭਗ 20 ਮਿੰਟ ਬਾਅਦ ਅਧਿਕਾਰੀਆਂ ਨੇ ਅੱਖੀਂ ਦੇਖਣ ਵਾਲਿਆਂ ਦੇ ਵੇਰਵੇ ਨਾਲ ਮੇਲ ਖਾਣ ਵਾਲੀ ਇਕ ਕਾਰ ਨੂੰ ਦੋ ਮੀਲ ਦੂਰ ਰੋਕਿਆ ਅਤੇ ਤਿੰਨ ਸ਼ੱਕੀਆਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਪੁਲੀਸ ਨੇ ਕਿਹਾ ਕਿ ਸ਼ੱਕੀਆਂ ‘ਚੋਂ ਇਕ ਕਾਰ ਨਾਲ ਭੱਜ ਗਿਆ ਪਰ ਅਧਿਕਾਰੀ ਕੇ-9 ਦੀ ਵਰਤੋਂ ਕਰਕੇ ਵਿਅਕਤੀ ਨੂੰ ਟ੍ਰੈਕ ਕਰ ਰਹੇ ਹਨ। ਅਮਰੀਕਾ ‘ਚ 12 ਘੰਟਿਆਂ ਦੇ ਅੰਦਰ ਗੋਲੀਬਾਰੀ ਦੀਆਂ 3 ਘਟਨਾਵਾਂ ਵਾਪਰੀਆਂ ਹਨ। ਫਾਇਰਿੰਗ ਦੀ ਤਾਜ਼ਾ ਘਟਨਾ ਨੇ ਪੂਰੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਤਮਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਫਾਇਰਿੰਗ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ।