ਅਮਰੀਕਾ ਦੇ ਸਿੱਖ ਬਹੁਗਿਣਤੀ ਵਾਲੇ ਸੂਬੇ ਕੈਲੀਫੋਰਨੀਆ ਦੇ ਸੈਕਰਾਮੈਂਟੋ ਕਾਉਂਟੀ ਦੇ ਇਕ ਗੁਰਦੁਆਰੇ ‘ਚ ਨਗਰ ਕੀਰਤਨ ਸਮੇਂ ਦੋ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਗੋਲੀ ਲੱਗਣ ਕਾਰਨ ਇਹ ਦੋਵੇਂ ਜਣੇ ਜ਼ਖਮੀ ਹੋ ਗਏ ਜਿਨ੍ਹਾਂ ‘ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਬੁਲਾਰੇ ਸਾਰਜੈਂਟ ਅਮਰ ਗਾਂਧੀ ਮੁਤਾਬਕ ਗੋਲੀਬਾਰੀ ਐਤਵਾਰ ਦੁਪਹਿਰ ਕਰੀਬ 2:30 ਵਜੇ ਗੁਰਦੁਆਰਾ ਸੈਕਰਾਮੈਂਟੋ ਸਿੱਖ ਸੁਸਾਇਟੀ ਵਿਖੇ ਹੋਈ। ਇਹ ਘਟਨਾ ਗੁਰਦੁਆਰੇ ‘ਚ ਪਹਿਲੇ ਨਗਰ ਕੀਰਤਨ ਦੌਰਾਨ ਵਾਪਰੀ। ਸੈਕਰਾਮੈਂਟੋ ਅਖਬਾਰ ਨੇ ਗਾਂਧੀ ਦੇ ਹਵਾਲੇ ਨਾਲ ਦੱਸਿਆ ਕਿ ਗੁਰਦੁਆਰੇ ਦੇ ਕੰਪਲੈਕਸ ‘ਚ ਦੋ ਵਿਅਕਤੀਆਂ ਵਿਚਕਾਰ ਲੜਾਈ ਹੋ ਗਈ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਨੇ ਦੂਜੇ ਵਿਅਕਤੀ ਦੇ ਦੋਸਤ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਲੜਾਈ ‘ਚ ਸ਼ਾਮਲ ਦੂਜੇ ਵਿਅਕਤੀ ਨੇ ਆਪਣੇ ਦੋਸਤ ਨੂੰ ਗੋਲੀ ਮਾਰਨ ਵਾਲੇ ਸ਼ਖ਼ਸ ਨੂੰ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਿਆ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਬੁਲਾਰੇ ਨੇ ਕਿਹਾ ਕਿ ਗੋਲੀਬਾਰੀ ਕਿਸੇ ਨਫ਼ਰਤੀ ਅਪਰਾਧ ਨਾਲ ਸਬੰਧਤ ਨਹੀਂ ਹੈ ਅਤੇ ਇਹ ਦੋ ਲੋਕਾਂ ਵਿਚਾਲੇ ਲੜਾਈ ਦੀ ਨਤੀਜਾ ਸੀ ਜੋ ਇਕ-ਦੂਜੇ ਨੂੰ ਜਾਣਦੇ ਸਨ। ਅਮਰ ਗਾਂਧੀ ਨੇ ਕਿਹਾ ਕਿ ਦੋਵਾਂ ਵਿਅਕਤੀਆਂ ਨੇ ਪਹਿਲਾਂ ਲੜਾਈ ਕੀਤੀ ਅਤੇ ਫਿਰ ਗੋਲੀਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਇਕ ਸ਼ੱਕੀ ਭਾਰਤੀ ਵਿਅਕਤੀ ਦੱਸਿਆ ਜਾ ਰਿਹਾ ਹੈ। ਇਹ ਪੁੱਛੇ ਜਾਣ ‘ਤੇ ਕਿ ਕੀ ਇਸ ਘਟਨਾ ਨਾਲ ਇਲਾਕੇ ‘ਚ ਕਿਸੇ ਕਿਸਮ ਦੇ ਖ਼ਤਰੇ ਦੀ ਸੰਭਾਵਨਾ ਹੈ ਤਾਂ ਭਾਰਤੀ ਮੂਲ ਦੇ ਪੁਲੀਸ ਅਧਿਕਾਰੀ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ। ਘਟਨਾ ‘ਚ ਜ਼ਖਮੀ ਹੋਏ ਦੋਵੇਂ ਲੋਕਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹਨ। ਦੂਜੇ ਪਾਸੇ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਹੋਈਆਂ ਵੀਡੀਓਜ਼ ‘ਚ ਪੁਲੀਸ ਨੂੰ ਵਿਅਕਤੀਆਂ ਨੂੰ ਹੱਥਕੜੀਆਂ ‘ਚ ਲਿਜਾਂਦੇ ਦੇਖਿਆ ਗਿਆ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਲੋਕ ਇਸ ਘਟਨਾ ‘ਚ ਸ਼ਾਮਲ ਸਨ ਜਾਂ ਨਹੀਂ। ਇਸ ਘਟਨਾ ਤੋਂ ਬਾਅਦ ਇਕ ਵਾਰ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।