ਸਕਾਰਬਰੋ ‘ਚ ਵੋਬਰਨ ਕਾਲਜੀਏਟ ਇੰਸਟੀਚਿਊਟ ਦੇ ਬਾਹਰ ਫਾਇਰਿੰਗ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋਣ ਕਾਰਨ ਹਸਪਤਾਲ ‘ਚ ਦਾਖਲ ਹੈ। ਪੁਲਿਸ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਫਾਇਰਿੰਗ ਦੁਪਹਿਰ 3:30 ਵਜੇ ਤੋਂ ਠੀਕ ਪਹਿਲਾਂ ਹੋਈ। ਸਕੂਲ ਦੇ ਅਗਲੇ ਵਿਹੜੇ ‘ਚ ਇਕ ਮਰਦ ਪੀੜਤ ਬੰਦੂਕ ਦੇ ਜ਼ਖ਼ਮਾਂ ਨਾਲ ਮੌਜੂਦ ਸੀ ਅਤੇ ਉਸ ਨੂੰ ਜਾਨਲੇਵਾ ਹਾਲਤ ‘ਚ ਟਰਾਮਾ ਸੈਂਟਰ ਲਿਜਾਇਆ ਗਿਆ। ਬਾਅਦ ‘ਚ ਹਸਪਤਾਲ ‘ਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲੀਸ ਦਾ ਕਹਿਣਾ ਹੈ ਕਿ ਦੂਜੇ ਪੀੜਤ ਨੌਜਵਾਨ ਲੜਕੇ ਨੂੰ ਵੀ ਆਪਣੇ ਆਪ ਨੂੰ ਇਕ ਸਥਾਨਕ ਹਸਪਤਾਲ ‘ਚ ਲਿਆਉਣ ਤੋਂ ਬਾਅਦ ਐਮਰਜੈਂਸੀ ਰਾਹੀਂ ਟਰਾਮਾ ਸੈਂਟਰ ‘ਚ ਲਿਜਾਇਆ ਗਿਆ। ਟੋਰਾਂਟੋ ਪੁਲੀਸ ਸਰਵਿਸ ਦੀ ਡਿਊਟੀ ਇੰਸਪੈਕਟਰ ਲੋਰੀ ਕ੍ਰੇਨਬਰਗ ਨੇ ਮੌਕੇ ‘ਤੇ ਮੀਡੀਆ ਨੂੰ ਦੱਸਿਆ ਕਿ ਦੋਵੇਂ ਪੀੜਤ ਕਿਸ਼ੋਰ ਸਨ ਪਰ ਉਹ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੀ ਕਿ ਕੀ ਕੋਈ ਵੀ ਪੀੜਤ ਵੋਬਰਨ ਕਾਲਜੀਏਟ ਦਾ ਵਿਦਿਆਰਥੀ ਸੀ। ‘ਇਹ ਜਾਪਦਾ ਹੈ ਕਿ ਕਈ ਗੋਲੀਆਂ ਚਲਾਈਆਂ ਗਈਆਂ ਸਨ, ਪਰ ਮੇਰੇ ਕੋਲ ਸਹੀ ਗਿਣਤੀ ਨਹੀਂ ਹੈ। ਇਸ ਸਮੇਂ ਅਸੀਂ ਵੀਡੀਓ ਦੀ ਸਮੀਖਿਆ ਕਰ ਰਹੇ ਹਾਂ ਅਤੇ ਖੇਤਰ ‘ਚ ਜਾਂਚ ਕਰ ਰਹੇ ਹਾਂ’ ਕ੍ਰੇਨਬਰਗ ਨੇ ਕਿਹਾ। ਵੋਬਰਨ ਕਾਲਜੀਏਟ ਨੂੰ ਸ਼ੁਰੂ ‘ਚ ਤਾਲਾਬੰਦੀ ‘ਚ ਰੱਖਿਆ ਗਿਆ ਅਤੇ ਪੁਲੀਸ ਨੇ ਅਹਾਤੇ ਦੀ ਬਾਰੀਕੀ ਨਾਲ ਜਾਂਚ ਕੀਤੀ। ਹਾਲਾਂਕਿ ਪੰਜ ਵਜੇ ਦੇ ਕਰੀਬ ਪੁਲੀਸ ਨੇ ਵਿਦਿਆਰਥੀਆਂ ਨੂੰ ਇਮਾਰਤ ਤੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਵੋਬਰਨ ਜੂਨੀਅਰ ਪਬਲਿਕ ਸਕੂਲ ਨੂੰ ਵੀ ਥੋੜ੍ਹੇ ਸਮੇਂ ਲਈ ਤਾਲਾਬੰਦੀ ਅਧੀਨ ਰੱਖਿਆ ਗਿਆ। ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਕ੍ਰੈਨੇਬਰਗ ਨੇ ਕਿਹਾ ਕਿ ਪੁਲੀਸ ਕੋਲ ਸ਼ੱਕੀ ਦਾ ਵੇਰਵਾ ਨਹੀਂ ਹੈ ਹਾਲਾਂਕਿ ਸ਼ੱਕੀ ਨੂੰ ਪਹਿਲਾਂ ਕਾਲੇ ਰੰਗ ਦੀ ਜੈਕੇਟ ਅਤੇ ਇਕ ਕੋਵਿਡ-19 ਮਾਸਕ ਪਹਿਨੇ ਦਰਸਾਇਆ ਗਿਆ ਸੀ। ਮੇਅਰ ਜੌਹਨ ਟੋਰੀ ਨੇ ਟਵਿੱਟਰ ‘ਤੇ ਪੋਸਟ ਕੀਤੇ ਇਕ ਬਿਆਨ ‘ਚ ਕਿਹਾ ਕਿ ਉਹ ਇਹ ਜਾਣ ਕੇ ਗੁੱਸੇ ‘ਚ ਨੇ ਕਿ ‘ਇਕ ਸਕੂਲ ਦੇ ਪਰਛਾਵੇਂ ‘ਚ ਦੁਪਹਿਰ ਦੇ ਅੱਧ ‘ਚ ਫਾਇਰਿੰਗ ਹੋਈ।’