ਮੇਜ਼ਬਾਨ ਟੀਮ ਇੰਡੀਆ ਨੇ ਸਾਊਥ ਅਫਰੀਕਾ ਨਾਲ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਟੀ-20 ਲੜੀ ਦੇ ਦੂਜੇ ਮੈਚ ‘ਚ 16 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਡੇਵਿਡ ਮਿਲਰ ਦੇ ਨਾਬਾਦ 106 ਦੌੜਾਂ ਦੇ ਧਮਾਕੇਦਾਰ ਸੈਂਕੜੇ ਦੇ ਬਾਵਜੂਦ ਇੰਡੀਆ ਜੇਤੂ ਰਿਹਾ ਅਤੇ ਉਸਨੇ ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ ‘ਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਇੰਡੀਆ ਨੇ ਦੱਖਣੀ ਅਫਰੀਕਾ ਨੂੰ 20 ਓਵਰਾਂ ‘ਚ 238 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ‘ਚ ਅਫਰੀਕਨ ਟੀਮ 221 ਦੌੜਾਂ ਹੀ ਬਣਾ ਸਕੀ। ਦੱਖਣੀ ਅਫਰੀਕਾ ਨੂੰ ਇਸ ਵੱਡੇ ਟੀਚੇ ਤਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋਏ ਮਿਲਰ ਨੇ 47 ਗੇਂਦਾਂ ‘ਤੇ 8 ਚੌਕਿਆਂ ਤੇ 7 ਛੱਕਿਆਂ ਦੀ ਬਦੌਲਤ 106 ਦੌੜਾਂ ਦੀ ਅਜੇਤੂ ਪਾਰੀ ਖੇਡੀ। ਕਵਿੰਟਨ ਡੀ ਕੌਕ ਨੇ ਉਸ ਦਾ ਸਾਥ ਦਿੰਦੇ ਹੋਏ 48 ਗੇਂਦਾਂ ‘ਤੇ 3 ਚੌਕਿਆਂ ਤੇ 4 ਛੱਕਿਆਂ ਦੇ ਨਾਲ ਅਜੇਤੂ 69 ਦੌੜਾਂ ਬਣਾਈਆਂ। ਦੋਵਾਂ ਨੇ ਚੌਥੀ ਵਿਕਟ ਲਈ 174 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਅਫਰੀਕਾ ਨੂੰ ਜਿੱਤ ਨਹੀਂ ਦਿਵਾ ਸਕੇ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਸਾਹਮਣੇ 237 ਦੌੜਾਂ ਦਾ ਸਕੋਰ ਖੜ੍ਹਾ ਕਰਦਿਆਂ ਇੰਡੀਆ ਵੱਲੋਂ ਸੂਰਯਕੁਮਾਰ ਯਾਦਵ ਨੇ ਟੀ-20 ਕੌਮਾਂਤਰੀ ‘ਚ ਲਗਾਤਾਰ ਤੀਜਾ ਅਰਧ ਸੈਂਕੜਾ ਲਾਉਂਦੇ ਹੋਏ 22 ਗੇਂਦਾਂ ‘ਤੇ 61 ਦੌੜਾਂ ਬਣਾਈਆਂ। ਲੋਕੇਸ਼ ਰਾਹੁਲ ਨੇ 28 ਗੇਂਦਾਂ ‘ਚ 5 ਚੌਕਿਆਂ ਤੇ 4 ਛੱਕਿਆਂ ਦੇ ਨਾਲ 57 ਦੌੜਾਂ ਦੀ ਪਾਰੀ ਖੇਡੀ, ਜਦਕਿ ਵਿਰਾਟ ਕੋਹਲੀ 28 ਗੇਂਦਾਂ ‘ਚ 7 ਚੌਕਿਆਂ ਤੇ 1 ਛੱਕੇ ਦੇ ਨਾਲ 49 ਦੌੜਾਂ ਬਣਾ ਕੇ ਅਜੇਤੂ ਰਿਹਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕਪਤਾਨ ਰੋਹਿਤ ਸ਼ਰਮਾ ਤੇ ਰਾਹੁਲ ਨੇ ਇੰਡੀਆ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਤੇ ਪਹਿਲੀ ਵਿਕਟ ਲਈ 59 ਗੇਂਦਾਂ ‘ਚ 96 ਦੌੜਾਂ ਦੀ ਸਾਂਝੇਦਾਰੀ ਕੀਤੀ। ਸਲਾਮੀ ਬੱਲੇਬਾਜ਼ ਪਹਿਲੇ ਦੋ ਓਵਰਾਂ ‘ਚ ਸਮਾਂ ਲੈਣ ਤੋਂ ਬਾਅਦ ਤੀਜੇ ਓਵਰ ‘ਚ ਹਮਲਾਵਰ ਹੋਏ ਤੇ ਇੰਡੀਆ ਨੇ ਪਾਵਰਪਲੇਅ ਵਿਚ 57 ਦੌੜਾਂ ਜੋੜੀਆਂ। ਰੋਹਿਤ ਤੇ ਰਾਹੁਲ ਦੀ ਜੋੜੀ ਨੇ ਟੀ-20 ਕੌਮਾਂਤਰੀ ‘ਚ ਸਭ ਤੋਂ ਵੱਧ (15) ਅਰਧ ਸੈਂਕੜੇ ਵਾਲੀਆਂ ਸਾਂਝੇਦਾਰੀਆਂ ਕੀਤੀਆਂ ਹਨ। ਕਪਤਾਨ ਰੋਹਿਤ ਨੇ 37 ਗੇਂਦਾਂ ‘ਤੇ 7 ਚੌਕੇ ਤੇ 1 ਛੱਕਾ ਲਗਾਉਂਦੇ ਹੋਏ 43 ਦੌੜਾਂ ਦੀ ਪਾਰੀ ਖੇਡੀ। ਸਲਾਮੀ ਜੋੜੀ ਮੈਚ ਨੂੰ ਅਫਰੀਕਾ ਤੋਂ ਦੂਰ ਲੈ ਜਾ ਰਹੀ ਸੀ ਪਰ ਕੇਸ਼ਵ ਮਹਾਰਾਜ ਨੇ ਦੋਵਾਂ ਬੱਲੇਬਾਜ਼ਾਂ ਨੂੰ ਆਊਟ ਕੀਤਾ। ਦੱਖਣੀ ਅਫਰੀਕਾ ਨੇ ਪਹਿਲੇ ਦੋ ਬੱਲੇਬਾਜ਼ਾਂ ਨੂੰ ਆਊਟ ਕਰ ਕੇ ਸੁੱਖ ਸਾਹ ਵੀ ਨਹੀਂ ਲਿਆ ਸੀ ਕਿ ਸੂਰਯਕੁਮਾਰ ਤੇ ਵਿਰਾਟ ਦੀ ਜੋੜੀ ਨੇ ਤਾਬੜਤੋੜ ਅੰਦਾਜ਼ ‘ਚ ਦੌੜਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਦੋਵਾਂ ਵਿਚਾਲੇ 42 ਗੇਂਦਾਂ ‘ਤੇ 102 ਦੌੜਾਂ ਦੀ ਧਮਾਕੇਦਾਰ ਸਾਂਝੇਦਾਰੀ ਹੋਈ।