ਸਾਊਥ ਅਫਰੀਕਾ ਦੇ ਬੱਲੇਬਾਜ਼ ਹਾਸ਼ਿਮ ਅਮਲਾ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਨੂੰ ਅਲਵਿਦਾ ਕਹਿ ਦਿੱਤਾ ਹੈ ਜਿਸ ਨਾਲ ਦੋ ਦਹਾਕੇ ਦੇ ਉਨ੍ਹਾਂ ਦੇ ਸੁਨਹਿਰੇ ਕਰੀਅਰ ਦਾ ਅੰਤ ਹੋ ਗਿਆ। ਚਾਰ ਸਾਲ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ 39 ਸਾਲਾ ਅਮਲਾ ਨੇ ਇੰਗਲਿਸ਼ ਕਾਊਂਟੀ ਟੀਮ ਸਰੀ ਨੂੰ ਇਸ ਦੀ ਪੁਸ਼ਟੀ ਕੀਤੀ। ਸਰੀ ਨੇ ਟਵੀਟ ਕੀਤਾ, ‘ਹਾਸ਼ਿਮ ਅਮਲਾ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ ਆਪਣਾ ਕਰੀਅਰ ਦੇ ਅੰਤ ਦਾ ਐਲਾਨ ਕੀਤਾ ਹੈ। ਸਰੀ ਦੀ ਤਰਫੋਂ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।’ ਅਮਲਾ ਨੇ 124 ਟੈਸਟ, 181 ਵਨਡੇ ਅਤੇ 44 ਟੀ-20 ਮੈਚ ਖੇਡ ਕੇ ਸਾਊਥ ਅਫਰੀਕਾ ਲਈ 18,672 ਦੌੜਾਂ ਬਣਾਈਆਂ। ਉਹ ਟੈਸਟ ‘ਚ ਤੀਹਰਾ ਸੈਂਕੜਾ ਲਗਾਉਣ ਵਾਲੇ ਦੱਖਣੀ ਅਫਰੀਕਾ ਦੇ ਪਹਿਲੇ ਅਤੇ ਇਕਲੌਤੇ ਬੱਲੇਬਾਜ਼ ਹਨ। ਉਨ੍ਹਾਂ ਨੇ ਇੰਗਲੈਂਡ ਖ਼ਿਲਾਫ਼ ਜੁਲਾਈ 2012 ਵਿਚ ਓਵਲ ‘ਤੇ ਨਾਬਾਦ 311 ਦੌੜਾਂ ਬਣਾਈਆਂ ਸਨ। ਹੁਣ ਅਮਲਾ ਸਾਊਥ ਅਫਰੀਕਾ ਟੀ-20 ਲੀਗ ‘ਚ ਮੁੰਬਈ ਇੰਡੀਅਨਜ਼ ਕੇਪਟਾਊਨ ਦੇ ਬੱਲੇਬਾਜ਼ ਕੋਚ ਦੇ ਰੂਪ ‘ਚ ਕੰਮ ਕਰਨਗੇ।