ਕਾਮਨਵੈਲਥ ਗੇਮਜ਼ ਦੀ ਦੋ ਵਾਰ ਦੀ ਚੈਂਪੀਅਨ ਸਾਇਨਾ ਨੇਹਵਾਲ ਉਨ੍ਹਾਂ ਬੈਡਮਿੰਟਨ ਖਿਡਾਰੀਆਂ ‘ਚ ਸ਼ਾਮਲ ਹੈ ਜੋ 14 ਤੋਂ 19 ਫਰਵਰੀ ਨੂੰ ਡੁਬਈ ‘ਚ ਹੋਣ ਵਾਲੀ ਏਸ਼ੀਅਨ ਟੀਮ ਚੈਂਪੀਅਨਸ਼ਿਪ ਲਈ ਹੋਣ ਵਾਲੇ ਰਾਸ਼ਟਰੀ ਬੈਡਮਿੰਟਨ ਟਰਾਇਲਜ਼ ‘ਚ ਹਿੱਸਾ ਨਹੀਂ ਲੈਣਗੇ। ਸਾਬਕਾ ਨੰਬਰ ਇਕ ਸਾਇਨਾ ਨੂੰ ਆਕਰਸ਼ੀ ਕਸ਼ਯਪ ਤੇ ਮਾਲਵਿਕਾ ਬੰਸੋਡ ਦੇ ਨਾਲ ਟਰਾਇਲਜ਼ ਲਈ ਸ਼ਾਮਲ ਕੀਤਾ ਗਿਆ ਸੀ। ਸੀਨੀਅਰ ਚੋਣ ਕਮੇਟੀ ਨੇ ਏਸ਼ੀਅਨ ਚੈਂਪੀਅਨਸ਼ਿਪ ‘ਚ ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਦੇ ਨਾਲ ਦੂਜੀ ਮਹਿਲਾ ਸਿੰਗਲਜ਼ ਖਿਡਾਰੀ ਚੁਣਨ ਲਈ ਇਨ੍ਹਾਂ ਤਿੰਨਾਂ ਦੇ ਨਾਂ ਸ਼ਾਮਲ ਕੀਤੇ ਸਨ ਪਰ ਸਾਇਨਾ ਤੇ ਮਾਲਵਿਕਾ ਦੋਵਾਂ ਨੇ ਟਰਾਇਲਜ਼ ‘ਚ ਹਿੱਸਾ ਨਾ ਲੈਣ ਦਾ ਐਲਾਨ ਕੀਤਾ। ਭਾਰਤੀ ਬੈਡਮਿੰਟਨ ਸੰਘ ਦੇ ਇਕ ਸੂਤਰ ਨੇ ਕਿਹਾ ਕਿ ਸਾਇਨਾ ਤੇ ਮਾਲਵਿਕਾ ਨੇ ਬੀ.ਏ.ਆਈ. ਨੂੰ ਟਰਾਇਲਜ਼ ਲਈ ਆਪਣੇ ਉਪਲੱਬਧ ਨਾ ਹੋਣ ਦੀ ਜਾਣਕਾਰੀ ਦਿੱਤੀ। ਇਸ ਲਈ ਅਸਮਿਤਾ ਚਾਲਿਹਾ ਨੂੰ ਟਰਾਇਲਜ਼ ਲਈ ਸੱਦਾ ਦਿੱਤਾ ਗਿਆ ਹੈ। ਕੁਝ ਹੋਰ ਖਿਡਾਰੀਆਂ ਨੇ ਵੀ ਹਟਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਹੁਣ ਆਕਰਸ਼ੀ ਤੇ ਅਸਮਿਤਾ ਵਿਚਾਲੇ ਮੁਕਾਬਲਾ ਹੋਵੇਗਾ। ਸਾਇਨਾ ਲਈ 2022 ਕਾਫੀ ਮੁਸ਼ਕਲ ਵਾਲਾ ਰਿਹਾ ਜਿਸ ‘ਚ ਉਹ ਕਈ ਤਰ੍ਹਾਂ ਦੀਆਂ ਸੱਟਾਂ ਨਾਲ ਜੂਝਦੀ ਰਹੀ ਤੇ ਲੈਅ ‘ਚ ਨਾ ਹੋਣ ਕਾਰਨ ਉਹ ਵਰਲਡ ਰੈਂਕਿੰਗ ‘ਚ 31ਵੇਂ ਸਥਾਨ ‘ਤੇ ਖਿਸਕ ਗਈ। ਆਪਣੀ ਕਾਰਜਭਾਰ ਮੈਨੇਜਮੈਂਟ ਲਈ ਉਹ ਪਿਛਲੇ ਸਾਲ ਅਪ੍ਰੈਲ ‘ਚ 2022 ਕਾਮਨਵੈਲਥ ਗੇਮਜ਼ ਦੇ ਚੋਣ ਟਰਾਇਲ ‘ਚ ਵੀ ਉਪਲੱਬਧ ਨਹੀਂ ਹੋ ਸਕੀ ਸੀ। ਚੋਣ ਕਮੇਟੀ ਨੇ ਸਿੰਗਲਜ਼ ਖਿਡਾਰੀ ਲਕਸ਼ੇ ਸੇਨ, ਐੱਚ.ਐੱਸ. ਪ੍ਰਣਯ, ਸਿੰਧੂ ਤੇ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਮਰਦ ਡਬਲਜ਼ ਜੋੜੀ ਨੂੰ ਉਨ੍ਹਾਂ ਦੀ ਬਿਹਤਰੀਨ ਵਰਲਡ ਰੈਂਕਿੰਗ ਦੇ ਆਧਾਰ ‘ਤੇ ਸਿੱਧਾ ਪ੍ਰਵੇਸ਼ ਦੇਣ ਦਾ ਫ਼ੈਸਲਾ ਕੀਤਾ ਹੈ। ਚੋਣ ਕਮੇਟੀ ਨੇ 25 ਦਸੰਬਰ ਨੂੰ ਵਰਚੂਅਲ ਮੀਟਿੰਗ ਕੀਤੀ ਸੀ ਜਿਸ ‘ਚ ਉਸ ਨੇ ਟਰਾਇਲਜ਼ ਨਾਲ 14 ਮੈਂਬਰੀ ਟੀਮ ਦੇ ਹੋਰ ਮੈਂਬਰਾਂ ਦੀ ਚੋਣ ਕਰਨ ਦਾ ਫ਼ੈਸਲਾ ਕੀਤਾ ਸੀ। ਹੁਣ ਇਹ ਟਰਾਇਲ ਖਿਡਾਰੀਆਂ ਦੇ ਉਪਲੱਬਧ ਨਾ ਹੋਣ ਕਾਰਨ ਇਕ ਦਿਨ ‘ਚ ਹੀ ਹੋ ਜਾਣਗੇ। ਪਤਾ ਲੱਗਾ ਹੈ ਕਿ ਐੱਮ.ਆਰ. ਅਰਜੁਨ ਵੀ ਜ਼ਖ਼ਮੀ ਹੋ ਗਏ ਹਨ ਤੇ ਉਹ ਵੀ ਟਰਾਇਲਜ਼ ਦਾ ਹਿੱਸਾ ਨਹੀਂ ਹੋ ਸਕਣਗੇ ਜਿਸ ਨਾਲ ਮਰਦ ਡਬਲਜ਼ ਸਥਾਨ ਲਈ ਕ੍ਰਿਸ਼ਣਾ ਪ੍ਰਸਾਦ ਗਾਰਗਾ ਤੇ ਵਿਸ਼ਣੂਵਰਧਨ ਗੌੜ ਪੀ ਤੇ ਇਸ਼ਾਨ ਭਟਨਾਗਰ ਤੇ ਸਾਈ ਪ੍ਰਤੀਕ ਕੇ ਦੀ ਜੋੜੀ ਲਈ ਇਹ ਨਾਕਆਊਟ ਮੁਕਾਬਲਾ ਹੋਵੇਗਾ। ਜੇਤੂ ਜੋੜੀ ਟੀਮ ‘ਚ ਸਾਤਵਿਕ ਤੇ ਚਿਰਾਗ ਨਾਲ ਜੁੜ ਜਾਏਗੀ। ਅਸ਼ਵਿਨੀ ਪੋਨੱਪਾ ਤੇ ਐੱਨ ਸਿੱਕੀ ਰੈੱਡੀ ਦੀ ਜੋੜੀ ਵੀ ਟਰਾਇਲਜ਼ ਲਈ ਉਪਲੱਬਧ ਨਹੀਂ ਹੋਵੇਗੀ ਕਿਉਂਕਿ ਕੁਝ ਮਹੀਨੇ ਪਹਿਲਾਂ ਇਹ ਜੋੜੀ ਟੁੱਟ ਚੁੱਕੀ ਹੈ। ਮਹਿਲਾਵਾਂ ਦੇ ਡਬਲਜ਼ ‘ਚ ਦੋ ਸਥਾਨ ਦਾਅ ‘ਤੇ ਲੱਗੇ ਹੋਣਗੇ ਜਿਸ ‘ਚ ਤ੍ਰਿਸ਼ਣਾ ਜਾਲੀ ਤੇ ਗਾਇਤਰੀ ਗੋਪੀਚੰਦ ਦੌੜ ‘ਚ ਸਭ ਤੋਂ ਅੱਗੇ ਹਨ। ਟਰਾਇਲਜ਼ ‘ਚ ਹੋਰ ਦੋ ਜੋੜੀਆਂ ਅਸ਼ਵਿਨੀ ਭੱਟ ਤੇ ਸ਼ਿਖਾ ਗੌਤਮ ਅਤੇ ਹਰਿਥਾ ਮਾਨਾਜੀਯੀ ਤੇ ਆਸ਼ਨਾ ਰਾਇ ਦੀ ਹੈ।