ਟੈਕਸ ਕਟੌਤੀ ‘ਚ ਛੋਟਾ ਦਾ ਫ਼ੈਸਲਾ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਲਈ ਮੁਸੀਬਤ ਬਣ ਗਿਆ ਅਤੇ ਸਿਆਸੀ ਸੰਕਟ ‘ਚ ਘਿਰ ਜਾਣ ਕਰਕੇ ਹੁਣ ਉਹ ‘ਗ਼ਲਤੀਆਂ’ ਲਈ ਮੁਆਫ਼ੀਆਂ ਮੰਗ ਰਹੇ ਹਨ। ਉਨ੍ਹਾਂ ਦੀ ਹੀ ਪਾਰਟੀ ਦੇ ਮੈਂਬਰ ਉਨ੍ਹਾਂ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ। ਇਸ ਸਭ ਦੇ ਵਿਚਕਾਰ ਲਿਜ਼ ਟਰਸ ਨੇ ਕੁਰਸੀ ਬਚਾਉਣ ਲਈ ਜਨਤਾ ਤੋਂ ਮੁਆਫ਼ੀ ਮੰਗੀ ਹੈ। ਟਰਸ ਨੇ ਕਿਹਾ ਹੈ ਕਿ ਉਸ ਨੇ ਫ਼ੈਸਲਾ ਲੈਣ ‘ਚ ਗ਼ਲਤੀਆਂ ਕੀਤੀਆਂ ਜਿਸ ਲਈ ਉਹ ਮੁਆਫ਼ੀ ਮੰਗਦੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਅੱਗੇ ਵੀ ਸਰਕਾਰ ਦੀ ਅਗਵਾਈ ਕਰਦੇ ਰਹਿਣਗੇ। ਟਰਸ ਨੇ ਮੀਡੀਆ ਨੂੰ ਕਿਹਾ ਕਿ ‘ਮੈਂ ਜ਼ਿੰਮੇਵਾਰੀ ਸਵੀਕਾਰ ਕਰਨਾ ਚਾਹੁੰਦੀ ਹਾਂ ਅਤੇ ਆਪਣੇ ਵੱਲੋਂ ਕੀਤੀਆਂ ਗਈਆਂ ਗ਼ਲਤੀਆਂ ਲਈ ਮੁਆਫ਼ੀ ਮੰਗਣਾ ਚਾਹੁੰਦੀ ਹਾਂ।’ ਉਨ੍ਹਾਂ ਕਿਹਾ ਕਿ ‘ਮੈਂ ਉੱਚ ਟੈਕਸਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਟੈਕਸ ਕਟੌਤੀ ਛੋਟਾਂ ਵਾਲੇ ਲੋਕਾਂ ਦੀ ਮਦਦ ਕਰਨਾ ਚਾਹੁੰਦੀ ਸੀ। ਹਾਲਾਂਕਿ ਅਸੀਂ ਇਸ ‘ਚ ਕਾਫੀ ਤੇਜ਼ੀ ਦਿਖਾਈ, ਜੋ ਕਿ ਗ਼ਲਤ ਸਾਬਤ ਹੋਈ।’ ਦਰਅਸਲ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਇਨ੍ਹਾਂ ਫ਼ੈਸਲਿਆਂ ਕਾਰਨ ਨਿਵੇਸ਼ਕਾਂ ਦਾ ਉਨ੍ਹਾਂ ਤੋਂ ਭਰੋਸਾ ਉੱਠ ਗਿਆ ਅਤੇ ਉਨ੍ਹਾਂ ਦੀ ਪੋਲ ਰੇਟਿੰਗ ਵੀ ਡਿੱਗ ਗਈ। ਇੰਨਾ ਹੀ ਨਹੀਂ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਵੀ ਉਸ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਲਈ ਹੈ। ਦੂਜੇ ਪਾਸੇ ਬ੍ਰਿਟੇਨ ਦੇ ਨਵੇਂ ਵਿੱਤ ਮੰਤਰੀ ਜੇਰੇਮੀ ਹੰਟ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਟਰਸ ਦੁਆਰਾ ਟੈਕਸ ਕਟੌਤੀ ਦੇ ਸਾਰੇ ਐਲਾਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਟਰਸ ਵੱਲੋਂ ਸਾਬਕਾ ਵਿੱਤ ਮੰਤਰੀ ਕਵਾਸਿਕ ਨੂੰ ਅਹੁਦੇ ਤੋਂ ਹਟਾਉਣ ਤੋਂ ਬਾਅਦ ਜੇਰੇਮੀ ਹੰਟ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਹੰਟ ਦੁਆਰਾ ਰੱਦ ਕੀਤੇ ਗਏ ਪ੍ਰਬੰਧਾਂ ‘ਚ ਮਿੰਨੀ ਬਜਟ ‘ਚ ਪ੍ਰਸਤਾਵਿਤ ਨਾਗਰਿਕਾਂ ਦੇ ਬਿਜਲੀ ਬਿੱਲਾਂ ਨੂੰ ਘਟਾਉਣ ਲਈ ਇਕ ਛੋਟ ਸਕੀਮ ਵੀ ਸ਼ਾਮਲ ਹੈ। ਹੰਟ ਨੇ ਅਹੁਦਾ ਸੰਭਾਲਣ ਤੋਂ ਬਾਅਦ ਕਿਹਾ ਕਿ ਪ੍ਰਧਾਨ ਮੰਤਰੀ ਨੇ ਫ਼ੈਸਲੇ ਲੈਣ ‘ਚ ਗ਼ਲਤੀ ਕੀਤੀ ਹੈ। ਟਰਸ ਦੇ ਗ਼ਲਤ ਫ਼ੈਸਲਿਆਂ ਕਾਰਨ ਉਨ੍ਹਾਂ ਦੀ ਸਰਕਾਰ ਇਕ ਮਹੀਨੇ ‘ਚ ਹੀ ਬੁਰੀ ਤਰ੍ਹਾਂ ਘਿਰ ਗਈ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ 100 ਤੋਂ ਵੱਧ ਸੰਸਦ ਮੈਂਬਰ ਪ੍ਰਧਾਨ ਮੰਤਰੀ ਲਿਜ਼ ਟਰਸ ਦੇ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ।