ਕਾਫੀ ਸਮੇਂ ਤੋਂ ਆਪਣੇ ਬਿਆਨਾਂ ਕਰਕੇ ਵਿਵਾਦਾਂ ‘ਚ ਰਹਿਣ ਵਾਲੇ ਅਤੇ ਜੇਲ੍ਹ ਦੀ ਹਵਾ ਖਾ ਚੁੱਕੇ ਸ਼ਿਵ ਸੈਨਾ (ਹਿੰਦੁਸਤਾਨ) ਦੇ ਪ੍ਰਧਾਨ ਸੁਧੀਰ ਮਿਸ਼ਰਾ ਦਾ ਅੱਜ ਅੰਮ੍ਰਿਤਸਰ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ‘ਤੇ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਸੜਕ ‘ਤੇ ਪ੍ਰਦਰਸ਼ਨ ਕਰ ਰਹੇ ਸਨ। ਉਹ ਆਪਣੇ ਸਾਥੀਆਂ ਸਮੇਤ ਗੋਪਾਲ ਮੰਦਰ ਦੀ ਮੈਨੇਜਮੈਂਟ ਖ਼ਿਲਾਫ਼ ਧਾਰਮਿਕ ਬੇਅਦਬੀ ਦਾ ਪਰਚਾ ਦਰਜ ਕਰਨ ਅਤੇ ਮੈਨੇਜਮੈਂਟ ਵੱਲੋਂ ਮੁਆਫ਼ੀ ਮੰਗਣ ਦੀ ਮੰਗ ਨੂੰ ਲੈ ਕੇ ਧਰਨੇ ‘ਤੇ ਬੈਠੇ ਸਨ। ਉਨ੍ਹਾਂ ਇਸ ਮੰਗ ਨੂੰ ਲੈ ਕੇ ਚੱਕਾ ਜਾਮ ਕੀਤਾ ਹੋਇਆ ਸੀ ਕਿ ਅਚਾਨਕ ਅਚਨਚੇਤ ਇਕ ਨੌਜਵਾਨ ਆਇਆ ਜਿਸ ਨੇ ਸੁਧੀਰ ਸੂਰੀ ‘ਤੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰ ਨੇ ਨਾਲ ਬੈਠੈ ਕਿਸੇ ਹੋਰ ਵੱਲ ਗੋਲੀ ਨਹੀਂ ਚਲਾਈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਮਿੱਥ ਕੇ ਸੂਰੀ ਦੇ ਹੀ ਗੋਲੀ ਮਾਰਨ ਆਇਆ ਸੀ। ਇਸ ਦੀ ਕੁਝ ਸੈਕਿੰਡ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਹੱਤਿਆ ਤੋਂ ਬਾਅਦ ਅੰਮ੍ਰਿਤਸਰ ਵਿਖੇ ਮਾਹੌਲ ਤਣਾਅਪੂਰਨ ਹੋ ਗਿਆ। ਮੌਕੇ ਦੇ ਗਵਾਹਾਂ ਮੁਤਾਬਕ ਗੋਲੀ ਲੱਗਣ ਨਾਲ ਸੁਧੀਰ ਸੂਰੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ‘ਚ ਫੋਰਟਿਸ ਹਸਪਤਾਲ ਲਿਜਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸੁਧੀਰ ਸੂਰੀ ਭੜਕਾਊ ਬਿਆਨਾਂ ਲਈ ਵੀ ਚਰਚਾ ‘ਚ ਰਹਿੰਦੇ ਹਨ। ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦੱਸਿਆ ਕਿ ਚਾਰ ਵਜੇ ਦੇ ਕਰੀਬ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੇ ਗੋਲੀਆਂ ਮਾਰੀਆਂ ਗਈਆਂ ਜਿਸ ‘ਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਸ ਨੇ ਆਪਣੇ ਲਾਇਸੰਸੀ ਹਥਿਆਰ ਤੋਂ ਇਹ ਗੋਲੀਆਂ ਚਲਾਈਆਂ। ਇਹ ਵੀ ਪਤਾ ਲੱਗਾ ਹੈ ਕਿ ਘੱਟੋ-ਘੱਟ ਪੰਜ ਗੋਲੀਆਂ ਚਲਾਈਆਂ। ਪੁਲੀਸ ਕਮਿਸ਼ਨਰ ਨੇ ਅੰਮ੍ਰਿਤਸਰ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਹੌਲ ਸ਼ਾਂਤੀਪੂਰਨ ਰੱਖਣ ਲਈ ਭਾਰੀ ਗਿਣਤੀ ‘ਚ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ। ਇਸੇ ਦੌਰਾਨ ਸਾਬਕਾ ਪੁਲੀਸ ਅਧਿਕਾਰੀ ਤੇ ਮੌਜੂਦਾ ‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ ਅਰੁਣਪਾਲ ਸਿੰਘ ਯੋਗ ਪੁਲੀਸ ਅਧਿਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ‘ਚ ਅਮਨ ਕਾਨੂੰਨ ਦੀ ਸਥਿਤੀ ਬੇਹੱਦ ਖ਼ਰਾਬ ਤੇ ਚਿੰਤਾਜਨਕ ਹੈ। ਇਸ ਲਈ ਸਰਕਾਰ ਨੂੰ ਵੀ ਬੇਨਤੀ ਹੈ ਕਿ ਅੰਮ੍ਰਿਤਸਰ ‘ਚ ਪੁਲੀਸ ਦੀ ਬਿਹਤਰ ਟੀਮ ਨਿਯੁਕਤ ਕਰਕੇ ਅਮਨ ਕਾਨੂੰਨ ਦੀ ਸਥਿਤੀ ਬਹਾਲ ਕੀਤੀ ਜਾਵੇ। ਵਿਧਾਇਕ ਨੇ ਕਿਹਾ ਕਿ ਪਿਛਲੀ ਸਰਕਾਰ ‘ਚ ਅਹਿਮ ਅਹੁਦਿਆਂ ‘ਤੇ ਨਿਯੁਕਤ ਰਹੇ ਅਧਿਕਾਰੀ ਕਿਸੇ ਤਰ੍ਹਾਂ ਸਿਫਾਰਸ਼ ਕਰਵਾ ਕੇ ਆ ਜਾਂਦੇ ਹਨ। ਅਕਾਲੀ ਸਰਕਾਰ ਸਮੇਂ ਦੇ ਕਈ ਅਹਿਮ ਅਧਿਕਾਰੀ ਅੱਜ ਵੀ ਉਥੇ ਹੀ ਤਾਇਨਾਤ ਹਨ ਜਿਸ ਕਰਕੇ ਅਜਿਹੇ ਹਾਲਾਤ ਪੈਦਾ ਹੋ ਰਹੇ ਹਨ।