ਸ਼ਿਵ ਸੈਨਾ ਆਗੂਆਂ ਨੇ ਕੱਟੜਪੰਥੀਆਂ ਤੋਂ ਮਿਲ ਰਹੀਆਂ ਧਮਕੀਆਂ ਮਗਰੋਂ ਪੁਲੀਸ ਵੱਲੋਂ ਨਾਲ ਤਾਇਨਾਤ ਕੀਤੇ ਗਏ ਸੁਰੱਖਿਆ ਮੁਲਾਜ਼ਮ ਵਾਪਸ ਕਰ ਦਿੱਤੇ ਹਨ। ਸ਼ਿਵ ਸੈਨਾ (ਬਾਲ ਠਾਕਰੇ) ਦੇ ਸੂਬਾ ਤਰਜਮਾਨ ਚੰਦਰਕਾਂਤ ਚੱਢਾ ਅਤੇ ਉਨ੍ਹਾਂ ਦੀ ਟੀਮ ਦੇ ਚਾਰ ਹੋਰ ਮੈਂਬਰਾਂ ਨੇ ਸੁਰੱਖਿਆ ਮੁਲਾਜ਼ਮ ਵਾਪਸ ਕੀਤੇ ਹਨ। ਚੱਢਾ ਦੇ ਨਾਲ ਆਏ ਆਗੂਆਂ ਨੇ ਕਿਹਾ ਕਿ ਉਹ ਆਪਣੀ ਰੱਖਿਆ ਆਪ ਕਰਨਗੇ ਕਿਉਂਕਿ ਉਹ ਖੁਦ ਆਪਣੀ ਰੱਖਿਆ ਕਰਨ ਦੇ ਸਮਰੱਥ ਹਨ। ਆਗੂਆਂ ਨੇ ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਰਕਾਰੀ ਸੁਰੱਖਿਆ ਵਾਪਸ ਕਰ ਦਿੱਤੀ ਤੇ ਇਕੱਲੇ ਹੀ ਦਫ਼ਤਰ ‘ਚੋਂ ਬਾਹਰ ਨਿਕਲੇ। ਹਾਲਾਂਕਿ, ਉਨ੍ਹਾਂ ਦੀ ਸੁਰੱਖਿਆ ‘ਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਆਗੂਆਂ ਦਾ ਪਿੱਛਾ ਨਹੀਂ ਛੱਡਿਆ ਪਰ ਸ਼ਿਵ ਸੈਨਾ ਆਗੂ ਉਨ੍ਹਾਂ ਨੂੰ ਚਕਮਾ ਦੇ ਕੇ ਇਕੱਲੇ ਹੀ ਆਪਣੀਆਂ ਗੱਡੀਆਂ ਲੈ ਕੇ ਨਿਕਲ ਗਏ। ਡਿਊਟੀ ‘ਤੇ ਲੱਗੇ ਸੁਰੱਖਿਆ ਮੁਲਾਜ਼ਮ ਹੁਣ ਸ਼ਿਵ ਸੈਨਿਕਾਂ ਨੂੰ ਲੱਭ ਰਹੇ ਹਨ। ਚੰਦਰਕਾਂਤ ਚੱਢਾ ਨੇ ਕਿਹਾ ਕਿ ਸਰਕਾਰੀ ਸੁਰੱਖਿਆ ਵਾਪਸ ਕਰਨ ਦਾ ਫ਼ੈਸਲਾ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਦੇ ਹੁਕਮਾਂ ਤੋਂ ਬਾਅਦ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਿਵ ਸੈਨਿਕ ਆਪਣੇ ਧਰਮ ਦੀ ਗੱਲ ਕਰਦਾ ਹੈ ਜਾਂ ਫਿਰ ਕੱਟੜਪੰਥੀਆਂ ਖ਼ਿਲਾਫ਼ ਬੋਲਦਾ ਹੈ ਤਾਂ ਸਾਰੇ ਕਹਿੰਦੇ ਹਨ ਕਿ ਸੁਰੱਖਿਆ ਮੁਲਾਜ਼ਮਾਂ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਪਰ ਉਹ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਉਹ ਆਪਣੇ ਸਮਾਜ ਅਤੇ ਧਰਮ ਲਈ ਕੰਮ ਕਰ ਰਹੇ ਹਨ ਅਤੇ ਕਰਦੇ ਰਹਿਣਗੇ। ਉਨ੍ਹਾਂ ਨੂੰ ਸਰਕਾਰੀ ਸੁਰੱਖਿਆ ਦੀ ਲੋੜ ਨਹੀਂ ਹੈ। ਉਨ੍ਹਾਂ ਦੇ ਨਾਲ-ਨਾਲ ਪੂਰੇ ਪੰਜਾਬ ਦੇ ਸ਼ਿਵ ਸੈਨਾ (ਬਾਲ ਠਾਕਰੇ) ਦੇ ਆਗੂਆਂ ਨੇ ਸੁਰੱਖਿਆ ਵਾਪਸ ਕਰ ਦਿੱਤੀ ਹੈ। ਚੱਢਾ ਮੁਤਾਬਕ ਉਨ੍ਹਾਂ ਦੇ ਨਾਲ ਚਾਰ ਹੋਰ ਸਾਥੀਆਂ ਨੇ ਸਰਕਾਰੀ ਸੁਰੱਖਿਆ ਵਾਪਸ ਕੀਤੀ ਹੈ। ਉਨ੍ਹਾਂ ਕਿਹਾ, ‘ਕੁਝ ਸ਼ਿਵ ਸੈਨਿਕ ਗਲਤ ਬਿਆਨਬਾਜ਼ੀ ਕਰ ਰਹੇ ਹਨ, ਜਿਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪੰਜਾਬ ‘ਚ ਮਾਹੌਲ ਖਰਾਬ ਹੋਣ ਤੋਂ ਰੋਕਣ ਦੀ ਲੋੜ ਹੈ। ਸ਼ਿਵ ਸੈਨਾ ਦੇ ਅਕਸ ਨੂੰ ਧੁੰਦਲਾ ਕਰਨ ਵਾਲੇ ਆਗੂਆਂ ਤੋਂ ਜਥੇਬੰਦੀ ਦੂਰੀ ਬਣਾ ਕੇ ਰੱਖ ਰਹੀ ਹੈ। ਹਿੰਦੂ ਧਰਮ ਦੀ ਰੱਖਿਆ ਲਈ ਉਹ ਸਦਾ ਤਿਆਰ ਹਨ।’