ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਹਰ ਅਹੁਦੇਦਾਰਾਂ ਦੀ 9 ਨਵੰਬਰ ਨੂੰ ਸੱਦੇ ਆਮ ਇਜਲਾਸ ‘ਚ ਹੋਣ ਵਾਲੀ ਚੋਣ ਦਿਲਚਸਪ ਬਣ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਚੁਣੌਤੀ ਦੇ ਕੇ ਚੋਣ ਲੜਨ ਵਾਲੀ ਬੀਬੀ ਜਗੀਰ ਕੌਰ ਦੀ ਅਕਾਲੀ ਦਲ ‘ਚੋਂ ਛੁੱਟੀ ਵੀ ਕਰ ਦਿੱਤੀ ਹੈ। ਹੁਣ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਮੁੱਖ ਮੁਕਾਬਲਾ ਬੀਬੀ ਜਗੀਰ ਕੌਰ ਅਤੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਚਾਲੇ ਹੈ। ਜ਼ਿਕਰਯੋਗ ਹੈ ਕਿ ਬੀਬੀ ਜਗੀਰ ਕੌਰ ਨੇ ਇਸ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨ ਦਾ ਫੈਸਲਾ ਪਹਿਲਾਂ ਹੀ ਲੈ ਲਿਆ ਸੀ। ਬੀਬੀ ਜਗੀਰ ਕੌਰ ਦੇ ਆਪਣੇ ਫ਼ੈਸਲੇ ‘ਤੇ ਬਜ਼ਿੱਦ ਰਹਿਣ ਕਾਰਨ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਪਾਰਟੀ ਵਿਚੋਂ ਮੁਅੱਤਲ ਕੀਤਾ ਗਿਆ ਪਰ ਬੀਬੀ ਵੱਲੋਂ ਪਿੱਛੇ ਹਟਣ ਦੀ ਥਾਂ ਡਟੇ ਰਹਿਣ ਕਰਕੇ ਉਨ੍ਹਾਂ ਨੂੰ ਪਾਰਟੀ ‘ਚੋਂ ਹੀ ਕੱਢ ਦਿੱਤਾ ਗਿਆ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਲਈ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ। ਮੌਜੂਦਾ ਸਥਿਤੀ ‘ਚ ਜੇਕਰ ਬੀਬੀ ਜਗੀਰ ਕੌਰ ਆਪਣੇ ਫ਼ੈਸਲੇ ‘ਤੇ ਡਟੇ ਰਹਿੰਦੇ ਹਨ ਤਾਂ 9 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਸਮੇਂ ਬੀਬੀ ਜਗੀਰ ਕੌਰ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਚਾਲੇ ਸਿੱਧਾ ਮੁਕਾਬਲਾ ਹੋਵੇਗਾ। ਇਸ ਮੁਕਾਬਲੇ ਲਈ ਪਰਚੀ ਰਾਹੀਂ ਵੋਟ ਪਾਈ ਜਾਵੇਗੀ। ਮਿਲੀ ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਪ੍ਰਸ਼ਾਸਨ ਵੱਲੋਂ ਜਨਰਲ ਇਜਲਾਸ ‘ਚ ਸ਼ਾਮਲ ਹੋਣ ਲਈ ਕੁੱਲ 157 ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ। ਇਨ੍ਹਾਂ ਵਿੱਚੋਂ ਲਗਪਗ 30 ਤੋਂ 35 ਮੈਂਬਰ ਵਿਰੋਧੀ ਧਿਰ ਨਾਲ ਸਬੰਧਤ ਹਨ ਜਦਕਿ ਬਾਕੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹਨ ਪਰ ਇਨ੍ਹਾਂ ਵਿੱਚੋਂ ਕੁਝ ਮੈਂਬਰ ਬੀਬੀ ਜਗੀਰ ਕੌਰ ਦੇ ਸਮਰਥਕ ਵੀ ਹਨ। ਪੰਥਕ ਹਲਕਿਆਂ ‘ਚ ਚਰਚਾ ਹੈ ਕਿ ਇਸ ਚੋਣ ‘ਚ ਬੀਬੀ ਜਗੀਰ ਕੌਰ ਨੂੰ ਵੱਡੀ ਗਿਣਤੀ ਮੈਂਬਰਾਂ ਦਾ ਸਮਰਥਨ ਮਿਲ ਸਕਦਾ ਹੈ। ਵਿਰੋਧੀ ਧਿਰ ਨਾਲ ਸਬੰਧਤ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਦਾਅਵਾ ਹੈ ਕਿ ਇਸ ਚੋਣ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ਤੋਂ ਇਲਾਵਾ ਬੀਬੀ ਸਮਰਥਕ ਮੈਂਬਰ ਅਤੇ ਹੋਰ ਅਜਿਹੇ ਮੈਂਬਰ ਵੀ ਬੀਬੀ ਜਗੀਰ ਕੌਰ ਦੇ ਹੱਕ ‘ਚ ਭੁਗਤ ਸਕਦੇ ਹਨ ਜੋ ਹੁਣ ਤੱਕ ਸਿੱਧੇ ਢੰਗ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਨਹੀਂ ਕਰ ਸਕੇ ਪਰ ਉਹ ਅੰਦਰਖਾਤੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਬਦਲਣ ਦੇ ਹੱਕ ‘ਚ ਹਨ।