ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਗੱਡੀ ‘ਤੇ ਅੱਜ ਹਮਲਾ ਹੋ ਗਿਆ। ਇਸ ਸਮੇਂ ਕੀਤੇ ਪਥਰਾਅ ‘ਚ ਪ੍ਰਧਾਨ ਧਾਮੀ ਦੀ ਗੱਡੀ ਦੇ ਸ਼ੀਸ਼ੇ ਟੁੱਟ ਗਏ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਕੁਝ ਲੋਕਾਂ ਨੇ ਕਿਰਪਾਨਾਂ ਨਾਲ ਵੀ ਹਮਲਾ ਕੀਤਾ। ਇਸ ਹਮਲੇ ‘ਚ ਪ੍ਰਧਾਨ ਧਾਮੀ ਦੇ ਕੋਈ ਸੱਟ ਲੱਗਣ ਤੋਂ ਬਚਾਅ ਰਿਹਾ। ਇਹ ਹਮਲ ਉਦੋਂ ਹੋਇਆ ਜਦੋਂ ਉਹ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ‘ਤੇ ਬੰਦੀ ਸਿੰਘਾਂ ਦੀ ਰਿਹਾਈ, 328 ਸਰੂਪਾਂ ਅਤੇ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ‘ਤੇ ਚੱਲ ਰਹੇ ਪੱਕੇ ਮੋਰਚੇ ਵਾਲੀ ਥਾਂ ‘ਤੇ ਪੁੱਜੇ ਸਨ। ਜਾਣਕਾਰੀ ਅਨੁਸਾਰ ਧਾਮੀ ਧਰਨੇ ਨੂੰ ਸੰਬੋਧਨ ਕਰਨ ਤੋਂ ਬਾਅਦ ਵਾਪਸ ਜਾ ਰਹੇ ਸੀ ਕਿ ਕੁੱਝ ਗਰਮ ਖਿਆਲੀ ਨੌਜਵਾਨਾਂ ਨੇ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਭੀੜ ‘ਚੋਂ ਕਈ ਵਿਅਕਤੀਆਂ ਨੇ ਪ੍ਰਧਾਨ ਉੱਤੇ ਕਥਿਤ ਤੌਰ ‘ਤੇ ਹਮਲਾ ਕਰ ਦਿੱਤਾ। ਵਿਰੋਧ ਕਰ ਰਹੇ ਵਿਅਕਤੀਆਂ ਨੇ ਧਾਮੀ ਦੇ ਕਾਫਲੇ ਤੇ ਪਥਰਾਅ ਕੀਤਾ ਗਿਆ ਹੈ ਜਿਸ ਕਾਰਨ ਕਈ ਗੱਡੀਆਂ ਵੀ ਨੁਕਸਾਨੀਆਂ ਗਈਆਂ ਹਨ। ਇਸ ਤੋਂ ਬਾਅਦ ਸੰਤ ਬਲਜੀਤ ਸਿੰਘ ਦਾਦੂਵਾਲ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਇਸ ਹਮਲੇ ਦੀ ਕਰੜੇ ਸ਼ਬਦਾਂ ‘ਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਇਹ ਮੋਰਚਾ ਲਾਇਆ ਗਿਆ ਹੈ ਉਸ ‘ਚ ਸ਼ਾਮਲ ਹੋ ਕੇ ਪਰਤ ਰਹੇ ਧਾਮੀ ‘ਤੇ ਉਥੇ ਹਮਲਾ ਕਰਨਾ ਚਿੰਤਾ ਦਾ ਵਿਸ਼ਾ ਹੈ। ਡਾ. ਚੀਮਾ ਤੇ ਭਾਈ ਗਰੇਵਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਸਾਜਿਸ਼ ਇਸ ਪਿੱਛੇ ਕੰਮ ਕਰਦੀ ਹੈ ਕਿਉਂਕਿ ਦੋਵੇਂ ਇਕੋ ਸੋਚ ਤਹਿਤ ਪੰਜਾਬ ਦੇ ਹਾਲਾਤ ਵਿਗਾੜਨ ਵੱਲ ਤੁਰੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਮੋਰਚੇ ਮੁਖੀਆਂ ਨੂੰ ਇਸ ਬਾਰੇ ਚਰਚਾ ਕਰਨੀ ਚਾਹੀਦੀ ਹੈ ਅਤੇ ਪਤਾ ਲਾਉਣਾ ਚਾਹੀਦਾ ਹੈ ਕਿ ਸਾਜਿਸ਼ ਤਹਿਤ ਕਿਸ ਨੇ ਇਹ ਹਮਲਾ ਕਰਵਾਇਆ ਹੈ।