ਅਜਿਹਾ ਕਦੇ ਨਹੀਂ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੇਂ ਸਿਰ ਹੋਈਆਂ ਹੋਣ ਅਤੇ ਐਤਕੀਂ ਵੀ ਇਹ ਚੋਣਾਂ ਹੋਈਆਂ ਨੂੰ ਕਈ ਸਾਲ ਉੱਪਰ ਬੀਤ ਗਏ ਹਨ। ਸ਼੍ਰੋਮਣੀ ਕਮੇਟੀ ਚੋਣਾਂ ਨਾ ਕਰਵਾਉਣ ਦੇ ਰੋਸ ਵਜੋਂ ਪੰਥਕ ਅਕਾਲੀ ਲਹਿਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਮੁਹਾਲੀ ‘ਚ ਮੀਂਹ ਦੌਰਾਨ ਵਿਸ਼ਾਲ ਰੋਸ ਮਾਰਚ ਕੀਤਾ ਗਿਆ। ਪੰਜਾਬ ਭਰ ‘ਚੋਂ ਸਿੱਖ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਬੱਸਾਂ, ਕਾਰਾਂ ਦੇ ਕਾਫ਼ਲਿਆਂ ‘ਚ ਪਹੁੰਚੇ। ਬੁਲਾਰਿਆਂ ਨੇ ਸਿੱਖ ਮਸਲਿਆਂ ‘ਤੇ ਚਰਚਾ ਕਰਨ ਮਗਰੋਂ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਲਈ ਚੰਡੀਗੜ੍ਹ ਵੱਲ ਚਾਲੇ ਪਾ ਦਿੱਤੇ। ਉਥੇ ਹੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਐਂਟਰੀ ਪੁਆਇੰਟ ਬੈਰੀਕੇਡ ਲਗਾ ਕੇ ਬੰਦ ਕੀਤੇ ਗਏ ਸਨ। ਇਸ ਦੌਰਾਨ ਫੇਜ਼-7 ਦੇ ਲਾਲ ਬੱਤੀ ਚੌਕ ‘ਤੇ ਮੁਹਾਲੀ ਦੇ ਐੱਸ.ਡੀ.ਐੱਮ. ਸਰਬਜੀਤ ਕੌਰ ਨੂੰ ਮੰਗ ਪੱਤਰ ਸੌਂਪਿਆ ਗਿਆ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਕਰਵਾਈਆਂ ਤਾਂ ਉਹ ਆਪਣੇ ਪੁਰਖਿਆਂ ਦੇ ਇਤਿਹਾਸ ਤੋਂ ਸੇਧ ਲੈ ਕੇ ਅਗਲੀ ਰਣਨੀਤੀ ਉਲੀਕਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਇਕ ਸਿਆਸੀ ਪਰਿਵਾਰ ਦੇ ਨਾਜਾਇਜ਼ ਕਬਜ਼ੇ ‘ਚੋਂ ਗੁਰੂ ਘਰਾਂ ਨੂੰ ਆਜ਼ਾਦ ਕਰਵਾਉਣ ਲਈ ਜੈਤੋ ਦੇ ਮੋਰਚੇ ਵਾਂਗ ਕੁਰਬਾਨੀ ਲਹਿਰ ਸ਼ੁਰੂ ਕੀਤੀ ਜਾਵੇਗੀ ਅਤੇ ਸਭ ਤੋਂ ਪਹਿਲਾਂ ਉਹ ਖੁਦ ਕੁਰਬਾਨੀ ਦੇਣਗੇ। ਇਸ ਮੌਕੇ ਪੰਥਕ ਅਕਾਲੀ ਲਹਿਰ ਦੇ ਸਰਪ੍ਰਸਤ ਬਾਬਾ ਸਰਬਜੋਤ ਸਿੰਘ ਬੇਦੀ, ਸੰਤ ਕਸ਼ਮੀਰਾ ਸਿੰਘ ਸਮੇਤ ਅਹਿਮ ਸ਼ਖਸੀਅਤਾਂ ਹਾਜ਼ਰ ਸਨ।