ਸੰਗਰੂਰ ਲੋਕ ਸਭਾ ਦੀ ਚੋਣ ਜਿੱਤਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਨਤਮਸਤਕ ਹੋਣ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੇ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ ਹਨ। ਹੁਣ ਉਹ ਸੰਸਦ ’ਚ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਸਬੰਧੀ ਵੀ ਆਵਾਜ਼ ਬੁਲੰਦ ਕਰਨਗੇ। 11 ਸਾਲ ਦਾ ਸਮਾਂ ਹੋ ਗਿਆ, ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋ ਪਾਈਆਂ। ਇਸ ਦੇ ਨਾਲ ਹੀ ਬਰਗਾਡ਼ੀ ਵਿਖੇ ਹੋਈ ਬੇਅਦਬੀ ਦੇ ਮਾਮਲੇ ’ਚ ਵੀ ਉਹ ਸੰਸਦ ’ਚ ਜਾ ਕੇ ਆਵਾਜ਼ ਚੁੱਕਣਗੇ ਤੇ ਨਾਲ ਹੀ 328 ਪਾਵਨ ਸਰੂਪਾਂ ਦੇ ਖੁਰਦ-ਬੁਰਦ ਹੋਣ ਦਾ ਮਾਮਲਾ ਵੀ ਇਕ ਵਾਰ ਫਿਰ ਤੋਂ ਚੁੱਕਿਆ ਜਾਵੇਗਾ। ਵਪਾਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦਾ ਇੰਟਰਨੈਸ਼ਨਲ ਬਾਰਡਰ ਸਾਨੂੰ ਖੋਲ੍ਹਣਾ ਚਾਹੀਦਾ ਹੈ ਤੇ ਪਾਕਿਸਤਾਨ ਨਾਲ ਵਪਾਰ ਕਰਨਾ ਚਾਹੀਦਾ ਹੈ, ਜਿਸ ਨਾਲ ਕਿ ਕਿਸਾਨਾਂ ਨੂੰ ਫਾਇਦਾ ਹੋਵੇਗਾ। ਆਮ ਆਦਮੀ ਪਾਰਟੀ ’ਤੇ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਨੇ ਬਜਟ ਦੌਰਾਨ 780 ਕਰੋਡ਼ ਦਾ ਰਾਜਸਥਾਨ ਜਾਣ ਵਾਲੀ ਨਹਿਰ ਨੂੰ ਪੱਕਾ ਕਰਨ ਦਾ ਬਜਟ ਪੇਸ਼ ਕੀਤਾ ਹੈ, ਜਦ ਕਿ ‘ਆਪ’ ਸਰਕਾਰ ਨੂੰ ਇਹ ਪੈਸਾ ਪੰਜਾਬ ਵਾਸੀਆਂ ਦੀ ਮੈਡੀਕਲ ਸਹੂਲਤ ਤੇ ਪੰਜਾਬ ਦੇ ਬੱਚਿਆਂ ਦੀ ਸਕੂਲੀ ਪਡ਼੍ਹਾਈ ਲਈ ਲਾਉਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ 1984 ’ਚ ਸਿੱਖਾਂ ਦੀ ਹੋਈ ਨਸਲਕੁਸ਼ੀ ਦਾ ਜਵਾਬ ਅੱਜ ਤੱਕ ਭਾਰਤ ਸਰਕਾਰ ਨੇ ਨਹੀਂ ਦਿੱਤਾ। ਇਨ੍ਹਾਂ ਸਾਰੇ ਮਸਲਿਆਂ ਨੂੰ ਉਹ ਸੰਸਦ ’ਚ ਜਾ ਕੇ ਜ਼ਰੂਰ ਚੁੱਕਣਗੇ।