ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 9 ਨਵੰਬਰ ਨੂੰ ਹੋਣ ਵਾਲੀ ਸ਼੍ਰੋਮਣੀ ਕਮੇਟੀ ਦੀ ਚੋਣ ਵਾਸਤੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ। ਇਹ ਪਹਿਲੀ ਵਾਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੇ ਇਜਲਾਸ ਤੋਂ ਪਹਿਲਾਂ ਪ੍ਰਧਾਨਗੀ ਦਾ ਉਮੀਦਵਾਰ ਐਲਾਨਿਆ ਹੈ। ਹੁਣ ਤੱਕ ਇਜਲਾਸ ਦੌਰਾਨ ਹੀ ਪ੍ਰਧਾਨ ਦਾ ਨਾਂ ਸਾਹਮਣੇ ਆਉਂਦਾ ਸੀ ਜੋ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਲਿਫਾਫੇ ‘ਚ ਭੇਜਿਆ ਹੁੰਦਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਖੁਲਾਸਾ ਕੀਤਾ ਕਿ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਹੋਣਗੇ। ਉਨ੍ਹਾਂ ਇਸ ਸਬੰਧ ‘ਚ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਗਏ ਇਕ ਟਵੀਟ ਨੂੰ ਸੋਸ਼ਲ ਮੀਡੀਆ ‘ਤੇ ਜਾਰੀ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨ ਲਈ ਐਲਾਨ ਕਰ ਚੁੱਕੀ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਪਾਰਟੀ ਵੱਲੋਂ ਲੀਹ ਤੋਂ ਹਟ ਕੇ ਇਕ ਹੋਰ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਾਲੇ ਦਿਨ ਹੀ ਕੁਝ ਕੁਝ ਸਮਾਂ ਪਹਿਲਾਂ ਜਨਰਲ ਇਜਲਾਸ ਦੌਰਾਨ ਹੀ ਪਾਰਟੀ ਉਮੀਦਵਾਰਾਂ ਦਾ ਐਲਾਨ ਕੀਤਾ ਜਾਂਦਾ ਹੈ। ਪਾਰਟੀ ਵੱਲੋਂ ਇਸ ਸਬੰਧੀ ਇਕ ਇਕ ਲਿਫਾਫੇ ‘ਚ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਸੂਚੀ ਭੇਜੀ ਜਾਂਦੀ ਹੈ ਜਿਸ ਦਾ ਮੌਕੇ ‘ਤੇ ਹੀ ਐਲਾਨ ਕੀਤਾ ਜਾਂਦਾ ਹੈ। ਲੇਕਿਨ ਇਸ ਵਾਰ ਬੀਬੀ ਜਗੀਰ ਕੌਰ ਨਾਲ ਚੱਲ ਰਹੀ ਖਿੱਚੋਤਾਣ ਦੌਰਾਨ ਪਹਿਲੀ ਵਾਰ ਪਾਰਟੀ ਉਮੀਦਵਾਰ ਦਾ ਐਲਾਨ ਚੋਣ ਤੋਂ ਕੁਝ ਦਿਨ ਪਹਿਲਾਂ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਗਿਆਰਾਂ ਮੈਂਬਰੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਵਾਸਤੇ ਚੋਣ 9 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ‘ਚ ਹੋਵੇਗੀ।