ਦੋ ਦਹਾਕੇ ਤੱਕ ਇਕ-ਦੂਜੇ ਦੇ ਕੱਟੜ ਵਿਰੋਧੀ ਤੇ ਸ਼ਰੀਕ ਬਣ ਕੇ ਵਿਚਰਦੇ ਰਹੇ ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ (ਦਿੱਲ) ਫਿਰ ਇਕੱਠੇ ਹੋ ਗਏ ਹਨ ਜਿਸ ਨੇ ਲੋਕਾਂ ਨੂੰ ਹੈਰਾਨ ਕੀਤਾ ਹੈ। ਏਨਾ ਹੀ ਨਹੀਂ ਅਕਾਲੀ ਦਲ (ਦਿੱਲੀ) ਬਣਾ ਕੇ ਬਾਦਲਾਂ ਨੂੰ ਦਿੱਲੀ ‘ਚ ਮਾਤ ਦੇਣ ਵਾਲੇ ਪਰਮਜੀਤ ਸਿੰਘ ਸਰਨਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਇਕਾਈ ਦਾ ਪ੍ਰਧਾਨ ਵੀ ਬਣਾ ਦਿੱਤਾ ਹੈ। ਇਸ ਸਬੰਧੀ ਦਿੱਲੀ ‘ਚ ਰੱਖੇ ਇਕੱਠ ਦੌਰਾਨ ਸੁਖਬੀਰ ਬਾਦਲ ਨੇ ਇਸ ਨੂੰ ‘ਪੰਥਕ ਏਕਤਾ’ ਕਰਾਰ ਦਿੱਤਾ ਜਿਵੇਂ ਇਹ ਪੰਥ ਦਾ ਏਕਾ ਹੋ ਗਿਆ ਹੋਵੇ ਹਾਲਕਾਂਕਿ ਏਕਾ ਇਨ੍ਹਾਂ ਦੋਹਾਂ ਧਿਰਾਂ ਦਾ ਹੋਇਆ ਹੈ ਜੋ ਕਿ ਦੋਵੇਂ ਇਸ ਸਮੇਂ ‘ਔਖੇ ਸਿਆਸੀ ਹਾਲਾਤਾਂ’ ਵਿੱਚੋਂ ਲੰਘ ਰਹੇ ਹਨ। ਜਾਣਕਾਰੀ ਮੁਤਾਬਿਕ ਪਰਮਜੀਤ ਸਿੰਘ ਸਰਨਾ ਦੇ ਪੰਜਾਬੀ ਬਾਗ ਸਥਿਤ ਘਰ ‘ਚ ਹੋਈ ਪੰਥਕ ਇਕੱਤਰਤਾ ‘ਚ ਸੁਖਬੀਰ ਬਾਦਲ ਵੱਲੋਂ ਦੋਵੇਂ ਧੜਿਆਂ ਵਿਚਾਲੇ ਇੱਕਜੁਟਤਾ ਪ੍ਰਗਟ ਕੀਤੀ ਗਈ ਅਤੇ ਪਰਮਜੀਤ ਸਿੰਘ ਸਰਨਾ ਨੂੰ ਸਿਰੋਪਾ ਦੇ ਕੇ ਦਿੱਲੀ ਇਕਾਈ ਦਾ ਪ੍ਰਧਾਨ ਐਲਾਨ ਦਿੱਤਾ। ਇਹ ਅਹੁਦਾ ਅਵਤਾਰ ਸਿੰਘ ਹਿੱਤ ਦੇ ਦੇਹਾਂਤ ਮਗਰੋਂ ਖਾਲੀ ਪਿਆ ਸੀ। ਜ਼ਿਕਰਯੋਗ ਹੈ ਕਿ ਸਾਲ ਪਹਿਲਾਂ ਹੋਈਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਟਿਕਟ ‘ਤੇ ਚੋਣ ਜਿੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰਾਂ ਨੇ ਕੁਝ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਸਟੇਟ ਬਣਾ ਲਿਆ ਸੀ। ਇਸ ਨਾਲ ਅਕਾਲ ਦਲ ਨੂੰ ਕਰਾਰੀ ਸੱਟ ਲੱਗੀ ਸੀ ਤੇ ਇਸ ਧੜੇ ਕੋਲ ਸਿਰਫ਼ 2-3 ਮੈਂਬਰ ਹੀ ਰਹਿ ਗਏ ਸਨ, ਜਦੋਂ ਕਿ ਸਰਨਾ ਧੜੇ ਕੋਲ 14 ਮੈਂਬਰ ਹਨ। ਦੋਵੇਂ ਦਲਾਂ ਦੇ ਰਲੇਵੇਂ ਮਗਰੋਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਦੀ ਪੰਥਕ ਇਕੱਤਰਤਾ ਮੁੜ ਪੰਥਕ ਸੁਰਜੀਤੀ ਦਾ ਸੰਕੇਤ ਦਿੰਦੀ ਹੈ। ਸਿੱਖ ਕੌਮ ‘ਚ ਘਰੇਲੂ ਜੰਗ ਛੇੜਨ ਲਈ ਕੋਝੀਆਂ ਸਾਜ਼ਿਸ਼ਾਂ ਕੰਮ ਕਰ ਰਹੀਆਂ ਹਨ, ਇਹ ਏਕਤਾ ਹੀ ਇਨ੍ਹਾਂ ਸਾਜ਼ਿਸ਼ਾਂ ਨੂੰ ਅਸਫ਼ਲ ਕਰੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਸੰਕਟ ਦੇ ਦੌਰ ਨੇ ਹਮੇਸ਼ਾਂ ਖਾਲਸਾ ਪੰਥ ਨੂੰ ਇਕਜੁੱਟ ਕੀਤਾ ਹੈ। ਲੁਕਵੇਂ ਦੁਸ਼ਮਣ ਹਰਿਆਣੇ ਲਈ ਵੱਖਰੀ ਗੁਰਦੁਆਰਾ ਕਮੇਟੀ ਨੂੰ ਮਾਨਤਾ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਪੰਥ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਬਾਹਰੀ ਹਮਲੇ ਤੇ ਅੰਦਰੂਨੀ ਜੋੜ ਤੋੜ ਨਾਲ ਲੜਨ ਲਈ ਏਕਤਾ ਸਮੇਂ ਦੀ ਲੋੜ ਹੈ। ਉਨ੍ਹਾਂ ਸਰਨਾ ਨੂੰ ਪੰਥ ਨੂੰ ਇੱਕਜੁਟ ਕਰਨ ਸਬੰਧੀ ਮੁਹਿੰਮ ਦੀ ਅਗਵਾਈ ਕਰਨ ਲਈ ਆਖਿਆ। ਸਰਨਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪਾਰਟੀ ਦੀ ਟਿਕਟ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਧੋਖਾ ਦਿੱਤਾ ਹੈ, ਉਨ੍ਹਾਂ ਨੂੰ ਪੰਥ ਦੇ ਨਾਲ-ਨਾਲ ਗੁਰੂ ਸਾਹਿਬ ਤੋਂ ਵੀ ਮੁਆਫ਼ੀ ਮੰਗਣੀ ਚਾਹੀਦੀ ਹੈ ਤੇ ਪਾਰਟੀ ‘ਚ ਵਾਪਸ ਆਉਣਾ ਚਾਹੀਦਾ ਹੈ।