ਸ਼ਰਾਬ ਦੇ ਸੇਵਨ ਨੂੰ ਲੈ ਕੇ ਕੈਨੇਡਾ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਚਿਤਾਵਤੀ ਦਿੱਤੀ ਗਈ ਹੈ ਕਿ ਇਸ ਦੀ ਕੋਈ ਵੀ ਮਾਤਰਾ ਸਿਹਤਮੰਦ ਨਹੀਂ ਹੈ ਅਤੇ ਸਿਫਾਰਸ਼ ਕੀਤੀ ਜਾਂਦੀ ਹੈ ਕੇ ਲੋਕ ਜਿੰਨਾ ਸੰਭਵ ਹੋ ਸਕੇ ਸ਼ਰਾਬ ਪੀਣਾ ਘੱਟ ਕਰ ਦੇਣ। ਨਵੇਂ ਦਿਸ਼ਾ-ਨਿਰਦੇਸ਼ਾਂ ਸਿਫ਼ਾਰਸ਼ ਕਰਦੇ ਹਨ ਕਿ ਕੈਨੇਡੀਅਨ ਆਪਣੇ ਆਪ ਨੂੰ ਹਫ਼ਤੇ ‘ਚ ਸਿਰਫ਼ ਦੋ ਪੈੱਗ ਤੱਕ ਸੀਮਤ ਰੱਖਣ। ਕੈਨੇਡੀਅਨ ਸੈਂਟਰ ਆਨ ਸਬਸਟੈਂਸ ਯੂਜ਼ ਐਂਡ ਐਡਿਕਸ਼ਨ (ਸੀ.ਸੀ.ਐੱਸ.ਏ.) ਨੇ ਇਸ ਹਫ਼ਤੇ ਸ਼ਰਾਬ ਦੇ ਸੇਵਨ ‘ਚ ਕਮੀ ਦੀ ਅਪੀਲ ਕਰਦੇ ਹੋਏ ਚਿਤਾਵਨੀ ਜਾਰੀ ਕੀਤੀ ਹੈ ਕਿ ਸ਼ਰਾਬ ਦਾ ਜ਼ਿਆਦਾ ਸੇਵਨ ਕਰਨ ਨਾਲ ਕੈਂਸਰ, ਦਿਲ ਦੀਆਂ ਬਿਮਾਰੀਆਂ ਅਤੇ ਸਟ੍ਰੋਕ ਸਮੇਤ ਕਈ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ। ਹੈਲਥ ਕੈਨੇਡਾ ਵੱਲੋਂ ਜਾਰੀ ਨਵੇਂ ਦਿਸ਼ਾ-ਨਿਰਦੇਸ਼ 2011 ‘ਚ ਜਾਰੀ ਪਿਛਲੇ ਦਿਸ਼ਾ-ਨਿਰਦੇਸ਼ਾਂ ਤੋਂ ਵੱਖ ਹਨ। ਉਦੋਂ ਕੈਨੇਡੀਅਨਾਂ ਨੂੰ ਦੱਸਿਆ ਗਿਆ ਸੀ ਕਿ ਸ਼ਰਾਬ ਦੇ ਘੱਟ ਸੇਵਨ ਦਾ ਮਤਲਬ ਔਰਤਾਂ ਲਈ ਹਫ਼ਤੇ ‘ਚ 10 ਪੈੱਗ ਅਤੇ ਪੁਰਸ਼ਾਂ ਲਈ ਹਫ਼ਤੇ ‘ਚ 15 ਪੈੱਗ ਹੋ ਸਕਦੇ ਹਨ। ਦਿਸ਼ਾ-ਨਿਰਦੇਸ਼ਾਂ ਨੂੰ ਜਾਰੀ ਕਰਨ ਵਾਲੇ ਮਾਹਿਰਾਂ ਨੇ ਕਿਹਾ ਕਿ ਨਵਾਂ ਦ੍ਰਿਸ਼ਟੀਕੋਣ ਵਧ ਰਹੇ ਸਬੂਤਾਂ ‘ਤੇ ਆਧਾਰਿਤ ਹਨ, ਕਿ ਸ਼ਰਾਬ ਵੀ ਥੋੜ੍ਹੀ ਮਾਤਰਾ ਵੀ ਸਿਹਤ ਲਈ ਗੰਭੀਰ ਹੋ ਸਕਦੀ ਹੈ। ਕੈਨੇਡੀਅਨ ਮਾਹਿਰਾਂ ਦਾ ਕਹਿਣਾ ਹੈ ਕਿ ਨਵੀਂ ਖੋਜ ਸੁਝਾਅ ਦਿੰਦੀ ਹੈ ਕਿ ਹਫ਼ਤੇ ‘ਚ 3 ਤੋਂ 6 ਪੈੱਗ ਪੁਰਸ਼ਾਂ ਅਤੇ ਔਰਤਾਂ ਦੋਵਾਂ ਲਈ ਮੱਧਮ ਜੋਖ਼ਮ ਮੰਨੇ ਜਾਣੇ ਚਾਹੀਦੇ ਹਨ ਅਤੇ ਹਫ਼ਤੇ ‘ਚ 7 ਜਾਂ ਇਸ ਤੋਂ ਵੱਧ ਪੈੱਗ ਉੱਚ ਜੋਖ਼ਮ ਵਾਲੇ ਹੁੰਦੇ ਹਨ। ਸੀ.ਸੀ.ਐੱਸ.ਏ. ਨੇ ਸ਼ਰਾਬ ਪੀਣ ਦੇ ਨਕਾਰਾਤਮਕ ਨਤੀਜਿਆਂ ਵਜੋਂ ਛਾਤੀ ਦੇ ਕੈਂਸਰ ਦੇ ਨਾਲ-ਨਾਲ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦੇ ਉੱਚੇ ਜ਼ੋਖਮ ਤੋਂ ਇਲਾਵਾ, ਸੱਟਾਂ ਅਤੇ ਹਿੰਸਾ ਦੋਵਾਂ ਦੀ ਪਛਾਣ ਕੀਤੀ ਹੈ। ਦਿਸ਼ਾ-ਨਿਰਦੇਸ਼ ਇਹ ਵੀ ਚਿਤਾਵਨੀ ਦਿੰਦੇ ਹਨ ਕਿ ਗਰਭਵਤੀ ਹੋਣ ਜਾਂ ਗਰਭਵਤੀ ਹੋਣ ਦੀ ਕੋਸ਼ਿਸ਼ ਕਰਨ ਵੇਲੇ ਸ਼ਰਾਬ ਦੀ ਕੋਈ ਮਾਤਰਾ ਸੁਰੱਖਿਅਤ ਨਹੀਂ ਹੈ।