ਬਹਾਮਾਸ ਨੇਡ਼ੇ ਸਡ਼ਕਸਾਰ ਹੈਤੀ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਪਲਟ ਗਈ ਜਿਸ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰਾਂ ਨੂੰ ਬਚਾ ਲਿਆ ਗਿਆ। ਕਿਸ਼ਤੀ ਨਿਊ ਪ੍ਰੋਵਿਡੈਂਸ ਤੋਂ ਤਕਰੀਬਨ ਸੱਤ ਮੀਲ ਦੂਰ ਪਲਟ ਗਈ। ਪ੍ਰਧਾਨ ਮੰਤਰੀ ਫਿਲਿਪ ਬ੍ਰੇਵ ਡੇਵਿਸ ਨੇ ਇਕ ਬਿਆਨ ’ਚ ਕਿਹਾ ਕਿ ਮਰਨ ਵਾਲਿਆਂ ’ਚ 15 ਔਰਤਾਂ, ਇਕ ਪੁਰਸ਼ ਅਤੇ ਇਕ ਬੱਚਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਬਚਾਏ ਗਏ ਲੋਕ ਸਿਹਤ ਕਰਮਚਾਰੀਆਂ ਦੀ ਨਿਗਰਾਨੀ ਹੇਠ ਹਨ। ਡੇਵਿਸ ਨੇ ਕਿਹਾ ਕਿ ਜਾਂਚਕਰਤਾਵਾਂ ਦੇ ਅਨੁਸਾਰ ਦੋਹਰੇ ਇੰਜਣ ਵਾਲੀ ਕਿਸ਼ਤੀ ਸਪੱਸ਼ਟ ਤੌਰ ’ਤੇ ਸ਼ਨੀਵਾਰ ਦੁਪਹਿਰ ਇਕ ਵਜੇ ਦੇ ਕਰੀਬ ਬਹਾਮਾਸ ਤੋਂ ਮਿਆਮੀ ਲਈ ਰਵਾਨਾ ਹੋਈ ਜਿਸ ’ਚ ਘੱਟੋ-ਘੱਟ 60 ਲੋਕ ਸਵਾਰ ਸਨ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਉਣ ਲਈ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਕੀ ਇਹ ਮਨੁੱਖੀ ਤਸਕਰੀ ਦਾ ਮਾਮਲਾ ਤਾਂ ਨਹੀਂ ਹੈ। ਡੇਵਿਸ ਨੇ ਕਿਹਾ, ‘ਸਾਡੀ ਸਰਕਾਰ ਅਤੇ ਬਹਾਮਾਸ ਦੇ ਲੋਕਾਂ ਦੀ ਤਰਫੋਂ ਮੈਂ ਇਸ ਦੁਖਾਂਤ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹਾਂ। ਸੱਤਾ ’ਚ ਆਉਣ ਤੋਂ ਬਾਅਦ ਤੋਂ ਹੀ ਮੇਰੀ ਸਰਕਾਰ ਇਨ੍ਹਾਂ ਖਤਲ਼ਰਨਾਕ ਯਾਤਰਾਵਾਂ ਖ਼ਿਲਾਫ਼ ਚੇਤਾਵਨੀ ਦੇ ਰਹੀ ਹੈ।’ ਹੈਤੀ ’ਚ ਕਤਲਾਂ ਅਤੇ ਅਗਵਾ ਅਤੇ ਵੱਖ-ਵੱਖ ਗੈਂਗ ਹਿੰਸਾ ’ਚ ਵਾਧਾ ਹੋਣ ਕਾਰਨ ਵੱਡੀ ਗਿਣਤੀ ’ਚ ਲੋਕ ਦੇਸ਼ ਛੱਡ ਰਹੇ ਹਨ।