ਰਾਸ਼ਟਰਪਤੀ ਜੋਅ ਬਾਇਡਨ ਨੇ ਅਮਰੀਕਾ ਦੇ ਸਾਲ 2023 ਦੇ ਬਜਟ ਲਈ ਸ਼ਰਨਾਰਥੀਆਂ ਦੀ ਗਿਣਤੀ 1,25,000 ਤੱਕ ਸੀਮਤ ਰੱਖਣ ਦਾ ਬੁੱਧਵਾਰ ਨੂੰ ਟੀਚਾ ਰੱਖਿਆ ਜਦੋਂ ਕਿ ਸ਼ਰਨਾਰਥੀਆਂ ਦੀ ਹਮਾਇਤ ਕਰਨ ਵਾਲੇ ਲਗਾਤਾਰ ਰਾਸ਼ਟਰਪਤੀ ‘ਤੇ ਇਸ ਸੰਖਿਆ ਨੂੰ ਵਧਾਉਣ ਲਈ ਦਬਾਅ ਪਾ ਰਹੇ ਹਨ। ਸ਼ਰਨਾਰਥੀਆਂ ਦੇ ਹਿਮਾਇਤੀ ‘ਯੂ.ਐੱਸ. ਰਿਫਿਊਜ਼ੀ ਐਡਮਿਸ਼ਨ ਪ੍ਰੋਗਰਾਮ’ ਨੂੰ ਬਹਾਰ ਕਰਨ ਲਈ ਬਾਇਡਨ ਪ੍ਰਸ਼ਾਸਨ ‘ਤੇ ਹੋਰ ਕਦਮ ਚੁੱਕਣ ਦਾ ਦਬਾਅ ਪਾ ਰਹੇ ਹਨ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਇਸ ਪ੍ਰੋਗਰਾਮ ਦੇ ਤਹਿਤ ਭਾਰੀ ਕਟੌਤੀ ਕੀਤੀ ਸੀ, ਜਿਸ ਨਾਲ ਦੇਸ਼ ‘ਚ ਆਉਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਘੱਟ ਗਈ ਸੀ। ਅਗਸਤ ‘ਚ ਹਾਲੀਆ ਗਿਣਤੀ ਅਨੁਸਾਰ ਬਾਇਡਨ ਨੇ ਇਸ ਸਾਲ ਇਸ ਸੰਖਿਆ ਨੂੰ ਚਾਰ ਗੁਣਾ ਤੱਕ ਵਧਾ ਦਿੱਤਾ, ਪਰ ਇਸ ਬਜਟ ਸਾਲ ‘ਚ ਹੁਣ ਤੱਕ 20,000 ਤੋਂ ਘੱਟ ਸ਼ਰਨਾਰਥੀਆਂ ਨੂੰ ਹੀ ਸਵੀਕਾਰ ਕੀਤਾ ਗਿਆ ਹੈ। ਮੌਜੂਦਾ ਬਜਟ ਸਾਲ 30 ਸਤੰਬਰ ਨੂੰ ਖ਼ਤਮ ਹੋ ਰਿਹਾ ਹੈ। ਲੂਥਰਨ ਇਮੀਗ੍ਰੇਸ਼ਨ ਐਂਡ ਰਿਫਿਊਜ਼ੀ ਸਰਵਿਸ ਦੀ ਮੁਖੀ ਕ੍ਰਿਸ ਓਮਾਰਾ ਵਿਗਨਾਰਾਜਾ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਨੂੰ ਸੰਯੁਕਤ ਰਾਸ਼ਟਰ ਦੀ 10 ਕਰੋੜ ਲੋਕਾਂ ਦੇ ਵਿਸਥਾਪਨ ਸਬੰਧੀ ਰਿਪੋਰਟ ਨੂੰ ਧਿਆਨ ‘ਚ ਰੱਖਦੇ ਹੋਏ ਅਮਰੀਕਨ ਸ਼ਰਨਾਰਥੀ ਪ੍ਰੋਗਰਾਮ ‘ਚ ਸੁਧਾਰ ਕਰਨ ਲਈ ਕੰਮ ਕਰਨਾ ਚਾਹੀਦਾ ਹੈ।