ਬਰਮਿੰਘਮ ਕਾਮਨਵੈਲਥ ਗੇਮਜ਼ ਦੀ ਮਿਕਸਡ ਡਬਲਜ਼ ਦੀ ਸੋਨ ਤਗ਼ਮਾ ਜੇਤੂ ਸ਼੍ਰੀਜਾ ਅਕੁਲਾ, ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਅਤੇ ਮਨਿਕਾ ਬੱਤਰਾ ਨੇ ਮਈ ‘ਚ ਹੋਣ ਵਾਲੀ ਡਰਬਨ ਵਰਲਡ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਉਨ੍ਹਾਂ ਨੇ ਏਸ਼ੀਅਨ ਡਬਲਿਊ.ਟੀ.ਟੀ.ਸੀ. ਉਪ-ਮਹਾਂਦੀਪ ਦੇ ਪੜਾਅ ‘ਚ ਆਖ਼ਰੀ 16 ਦੇ ਮੁਕਾਬਲੇ ਜਿੱਤੇ। ਸ਼੍ਰੀਜਾ ਨੇ ਵਰਲਡ ਦੀ 21ਵੇਂ ਨੰਬਰ ਦੀ ਖਿਡਾਰਨ ਚੀਨੀ ਤਾਈਪੇ ਦੀ ਚੇਨ ਜ਼ੂ ਯੂ ਨੂੰ 11-2, 5-11, 2-11, 5-11, 13-11, 11-9, 11-8 ਨਾਲ ਹਰਾਇਆ। ਉਥੇ ਹੀ ਦੁਨੀਆ ਦੇ 47ਵੇਂ ਨੰਬਰ ਦੇ ਖਿਡਾਰੀ ਸ਼ਰਤ ਕਮਲ ਨੇ ਈਰਾਨ ਦੇ ਅਹਿਮਦੀਨ ਅਮੀਨ ਨੂੰ 13-11, 11-3, 10-12, 11-7 ਨਾਲ ਹਰਾਇਆ। ਵਰਲਡ ਰੈਂਕਿੰਗ ‘ਚ 35ਵੇਂ ਸਥਾਨ ‘ਤੇ ਕਾਬਜ਼ ਮਨਿਕਾ ਨੇ ਹਾਂਗਕਾਂਗ ਦੀ ਝੂ ਚੇਂਗਜ਼ੂ ਨੂੰ 13-11, 11-9, 11-6, 11-8 ਨਾਲ ਹਰਾਇਆ। ਮਨਿਕਾ ਅਤੇ ਜੀ ਸਾਥੀਆਨ ਨੇ ਮਿਕਸਡ ਡਬਲਜ਼ ‘ਚ ਜਾਪਾਨ ਦੀ ਹਿਰੋਤੋ ਸ਼ਿਨੋਜ਼ੂਕਾ ਅਤੇ ਮਿਯੂ ਨੂੰ 11-9, 12-10, 11-7, 5-11, 11-7 ਨਾਲ ਹਰਾਇਆ। ਸਾਥੀਆਨ ਅਤੇ ਸ਼ਰਤ ਕਮਲ ਨੇ ਕਤਰ ਦੇ ਮੁਹੰਮਦ ਅਬਦੁਲ ਵਹਾਬ ਅਤੇ ਖਲੀਲ ਅਲ ਮੁਹੰਮਦੀ ਨੂੰ 11-5, 11-0, 11-9, 11-8 ਨਾਲ ਹਰਾ ਕੇ ਫਾਈਨਲ ‘ਚ ਥਾਂ ਬਣਾਈ। ਜੀ ਸਾਥੀਆਨ ਸਿੰਗਲਜ਼ ‘ਚ ਫਾਈਨਲ ‘ਚ ਜਗ੍ਹਾ ਨਹੀਂ ਬਣਾ ਸਕੇ ਪਰ ਵਿਸ਼ਵ ਰੈਂਕਿੰਗ ਦੇ ਆਧਾਰ ‘ਤੇ ਉਨ੍ਹਾਂ ਨੂੰ ਐਂਟਰੀ ਮਿਲ ਸਕਦੀ ਹੈ। ਰੀਤ ਰਿਸ਼ਿਆ ਅਤੇ ਸ਼੍ਰੀਜਾ ਨੇ ਵੀ ਆਖਰੀ ਚਾਰ ‘ਚ ਥਾਂ ਪੱਕੀ ਕੀਤੀ ਪਰ ਰੀਤ ਦਾ ਖੇਡਣਾ ਸ਼ੱਕੀ ਹੈ ਕਿਉਂਕਿ ਉਹ ਸਿੰਗਲਜ਼ ‘ਚ ਥਾਂ ਨਹੀਂ ਬਣਾ ਸਕੀ। ਮਨਿਕਾ ਅਤੇ ਸ਼ਰਤ ਕਮਲ ਵੀ ਵਰਲਡ ਰੈਂਕਿੰਗ ਦੇ ਆਧਾਰ ‘ਤੇ ਕੁਆਲੀਫਾਈ ਕਰ ਸਕਦੇ ਹਨ। ਏਸ਼ੀਅਨ ਡਬਲਿਊ.ਟੀ.ਟੀ.ਸੀ. ਰਾਹੀਂ ਪੁਰਸ਼ ਸਿੰਗਲਜ਼ ‘ਚ 25, ਮਹਿਲਾ ਸਿੰਗਲਜ਼ ‘ਚ 28, ਪੁਰਸ਼ ਡਬਲਜ਼ ‘ਚ 14 ਅਤੇ ਮਹਿਲਾ ਡਬਲਜ਼ ‘ਚ 12 ਨਾਲ ਮਿਕਸਡ ਡਬਲਜ਼ ‘ਚ 8 ਕੋਟੇ ਦਿੱਤੇ ਜਾਣੇ ਸਨ। ਹਰੇਕ ਦੇਸ਼ ਤੋਂ ਸਿਰਫ਼ ਚਾਰ ਪੁਰਸ਼ ਅਤੇ ਚਾਰ ਮਹਿਲਾ ਖਿਡਾਰੀਆਂ ਨੂੰ ਹੀ ਐਂਟਰੀ ਮਿਲੇਗੀ।