ਇਕ ਪੰਜਾਬੀ ਮੂਲ ਦੇ 54 ਸਾਲਾ ਵਿਅਕਤੀ ਨੂੰ ਉੱਤਰੀ ਲੰਡਨ ‘ਚ ਆਪਣੇ ਪਿਤਾ ਦੇ ਕਤਲ ਦੇ ਦੋਸ਼ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਡੀਕਨ ਪਾਲ ਸਿੰਘ ਵਿੱਜ ਨੂੰ ਪਿਛਲੇ ਮਹੀਨੇ ਓਲਡ ਬੇਲੀ ਅਦਾਲਤ ‘ਚ ਮੁਕੱਦਮੇ ਦੀ ਸੁਣਵਾਈ ਤੋਂ ਬਾਅਦ ਦੋਸ਼ੀ ਪਾਇਆ ਗਿਆ ਅਤੇ ਉਸੇ ਅਦਾਲਤ ਨੇ ਵਿੱਜ ਨੂੰ 18 ਸਾਲ ਦੀ ਸਜ਼ਾ ਸੁਣਾਈ। ਜਾਂਚ ‘ਚ ਸ਼ਾਮਲ ਇਕ ਪੁਲੀਸ ਅਧਿਕਾਰੀ ਨੇ ਕਿਹਾ, ‘ਡੀਕਨ ਪਾਲ ਸਿੰਘ ਵਿੱਜ ਦੀ ਇਸ ਹਰਕਤ ਨੇ ਉਸਦੇ ਪਰਿਵਾਰ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਨੂੰ ਹਮੇਸ਼ਾ ਆਪਣੇ ਅਜ਼ੀਜ਼ ਦੇ ਜਾਣ ਦੇ ਗ਼ਮ ਦਾ ਸਾਹਮਣਾ ਕਰਨਾ ਪਏਗਾ, ਜਦੋਂ ਕਿ ਵਿੱਜ ਨੂੰ ਜੇਲ੍ਹ ‘ਚ ਸਜ਼ਾ ਕੱਟਣੀ ਪਵੇਗੀ।’ ਪੁਲੀਸ ਅਧਿਕਾਰੀ ਨੇ ਕਿਹਾ, ‘ਅਰਜਨ ਸਿੰਘ ਵਿੱਜ (86) ਆਪਣੇ ਬੇਟੇ ਨਾਲ ਸਾਊਥਗੇਟ ਉੱਤਰੀ ਲੰਡਨ ‘ਚ ਰਹਿੰਦੇ ਸਨ, ਜਿੱਥੇ 2021 ‘ਚ ਵਾਪਰੀ ਘਟਨਾ ਤੋਂ ਬਾਅਦ ਪੁਲੀਸ ਨੂੰ ਬੁਲਾਇਆ ਗਿਆ ਸੀ। ਪੁਲੀਸ ਨੇ ਅਰਜਨ ਸਿੰਘ ਵਿੱਜ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਸੀ।’ ਪੁਲੀਸ ਅਨੁਸਾਰ ਪੋਸਟਮਾਰਟਮ ‘ਚ ਮੌਤ ਦਾ ਕਾਰਨ ਸਿਰ ‘ਚ ਕਿਸੇ ਚੀਜ਼ ਨਾਲ ਤੇਜ਼ ਵਾਰ ਦੱਸਿਆ ਗਿਆ। ਈਵਨਿੰਗ ਸਟੈਂਡਰਡ ਅਖ਼ਬਾਰ ਅਨੁਸਾਰ ਉਨ੍ਹਾਂ ਦਾ ਪੁੱਤਰ ਨੰਗਾ ਸੀ ਅਤੇ ਸ਼ੈਂਪੇਨ ਦੀਆਂ ਲਗਭਗ 100 ਬੋਤਲਾਂ ਨਾਲ ਘਿਰਿਆ ਹੋਇਆ ਸੀ ਜਿਸ ‘ਚ ਵੀਵੇ ਕਲੀਕੋਟ ਅਤੇ ਬੋਲਿੰਗਰ ਦੀਆਂ ਖੂਨ ਨਾਲ ਭਰੀਆਂ ਬੋਤਲਾਂ ਵੀ ਸ਼ਾਮਲ ਸਨ। ਪੁਲੀਸ ਜਾਂਚ ਦੌਰਾਨ ਦੋਸ਼ੀ ਨੇ ਕਤਲ ਤੋਂ ਇਨਕਾਰ ਕੀਤਾ ਸੀ ਪਰ ਜਾਂਚ ਦੇ ਦੂਜੇ ਦਿਨ ਉਸ ਨੇ ਦੋਸ਼ ਕਬੂਲ ਕਰਦੇ ਹੋਏ ਕਿਹਾ, ‘ਮੈਂ ਬੋਲਿੰਗਰ ਸ਼ੈਂਪੇਨ ਦੀ ਬੋਤਲ ਨਾਲ ਆਪਣੇ ਪਿਤਾ ਦੇ ਸਿਰ ‘ਤੇ ਵਾਰ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ।’ ਦੋਸ਼ੀ ਨੇ ਕਿਹਾ ਕਿ ਉਸ ਦਾ ਆਪਣੇ ਪਿਤਾ ਨੂੰ ਗੰਭੀਰ ਨੁਕਸਾਨ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਜਿਊਰੀ ਨੇ ਕੇਸ ਦੇ ਫ਼ੈਸਲੇ ‘ਤੇ ਵਿਚਾਰ ਕਰਨ ਲਈ ਇਕ ਦਿਨ ਤੋਂ ਵੀ ਘੱਟ ਸਮਾਂ ਲਿਆ ਅਤੇ ਦੋਸ਼ੀ ਨੂੰ ਕਤਲ ਦਾ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਸੁਣਾਈ।