ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮੈਨੇਜਰ ਰਹੇ ਸ਼ਗਨਪ੍ਰੀਤ ਸਿੰਘ ਨੇ ਆਪਣੀ ਚੁੱਪੀ ਤੋਡ਼ਦੇ ਹੋਏ ਜਾਂਚ ’ਚ ਸ਼ਾਮਲ ਹੋਣ ਦੀ ਗੱਲ ਕਹੀ ਹੈ, ਬਸ਼ਰਤੇ ਪੰਜਾਬ ਪੁਲੀਸ ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾਏ। ਇਸ ਨਾਲ ਮੁਹਾਲੀ ਦੇ ਸੈਕਟਰ-70 ਦੀ ਮਾਰਕੀਟ ’ਚ ਕਰੀਬ ਦਸ ਮਹੀਨੇ ਪਹਿਲਾਂ ਐੱਸ.ਓ.ਆਈ. ਦੇ ਸਾਬਕਾ ਪ੍ਰਧਾਨ ਅਤੇ ਯੂਥ ਅਕਾਲੀ ਆਗੂ ਵਿਕਰਮਜੀਤ ਸਿੰਘ ਮਿੱਡੂਖੇਡ਼ਾ ਦੇ ਕਤਲ ਮਾਮਲੇ ਦੀ ਫਾਈਲ ਮੁਡ਼ ਖੁੱਲ੍ਹ ਸਕਦੀ ਹੈ। ਸ਼ਗਨਪ੍ਰੀਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਬੈਠੇ ਗੋਲਡੀ ਬਰਾਡ਼ ਤੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਇਸ ਸਬੰਧੀ ਸ਼ਗਨਪ੍ਰੀਤ ਨੇ ਹਾਈ ਕੋਰਟ ’ਚ ਅਰਜ਼ੀ ਦਾਇਰ ਕਰਕੇ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ਨਾਲ ਹੀ ਮੂਸੇਵਾਲਾ ਦੇ ਮੈਨੇਜਰ ਨੇ ਵਿੱਕੀ ਮਿੱਡੂਖੇਡ਼ਾ ਕਤਲ ਮਾਮਲੇ ’ਚ ਅਗਾਊਂ ਜ਼ਮਾਨਤ ਦੇਣ ਦੀ ਅਪੀਲ ਕੀਤੀ ਹੈ। ਆਸਟਰੇਲੀਆ ’ਚ ਬੈਠੇ ਸ਼ਗਨਪ੍ਰੀਤ ਨੇ ਆਪਣੀ ਪਟੀਸ਼ਨ ’ਚ ਕਿਹਾ ਕਿ ਜਦੋਂ ਉਹ ਇੰਡੀਆ ਆਵੇ ਤਾਂ ਮੁਹਾਲੀ ਪਹੁੰਚਣ ’ਤੇ ਉਸ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਵਿੱਕੀ ਮਿੱਡੂਖੇਡ਼ਾ ਕਤਲ ਮਾਮਲੇ ’ਚ ਮੁਹਾਲੀ ਪੁਲੀਸ ਜਾਂਚ ’ਚ ਸ਼ਾਮਲ ਹੋਣ ਲਈ ਜਿਥੇ ਵੀ ਸੱਦੇਗੀ, ਉਹ ਉਥੇ ਪਹੁੰਚੇਗਾ।