ਈਰਾਨ ਦੇ ਦੱਖਣੀ ਸ਼ਹਿਰ ਸ਼ਿਰਾਜ਼ ‘ਚ ਸ਼ੀਆ ਮੁਸਲਮਾਨਾਂ ਦੇ ਪਵਿੱਤਰ ਸਥਾਨ ‘ਤੇ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ ਜਿਸ ਵਿਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਈਰਾਨ ਦੇ ਸਰਕਾਰੀ ਮੀਡੀਆ ਨੇ ਇਹ ਖ਼ਬਰ ਦਿੱਤੀ ਹੈ। ਨਿਆਂਪਾਲਿਕਾ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਸ਼ਾਹ ਚੇਰਗ ਮਸਜਿਦ ‘ਤੇ ਹਮਲੇ ਦੇ ਸਬੰਧ ‘ਚ ਦੋ ਬੰਦੂਕਧਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਤੀਜਾ ਫਰਾਰ ਹੈ। ਖ਼ਬਰ ਮੁਤਾਬਕ 15 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 40 ਲੋਕ ਜ਼ਖ਼ਮੀ ਵੀ ਹੋਏ ਹਨ। ਜ਼ਿਕਰਯੋਗ ਹੈ ਕਿ ਈਰਾਨ ‘ਚ ਸੁੰਨੀ ਕੱਟੜਪੰਥੀਆਂ ਨੇ ਕਈ ਵਾਰ ਸ਼ੀਆ ਮੁਸਲਮਾਨਾਂ ਦੇ ਪਵਿੱਤਰ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਇਸ ਹਮਲੇ ‘ਚ ਉਨ੍ਹਾਂ ਦੀ ਸ਼ਮੂਲੀਅਤ ਵੀ ਸਾਹਮਣੇ ਆ ਰਹੀ ਹੈ। ਈਰਾਨ ‘ਚ ਇਹ ਹਮਲਾ ਅਜਿਹੇ ਸਮੇਂ ‘ਚ ਹੋਇਆ ਹੈ ਜਦੋਂ ਦੇਸ਼ ‘ਚ ਇਕ ਮਹੀਨੇ ਤੋਂ ਆਜ਼ਾਦੀ ਦੀ ਮੰਗ ਨੂੰ ਲੈ ਕੇ ਸਰਕਾਰ ਵਿਰੋਧੀ ਅੰਦੋਲਨ ਚੱਲ ਰਿਹਾ ਹੈ। ਉਥੇ 22 ਸਾਲਾ ਮਾਹਸਾ ਅਮੀਨੀ ਦੀ ਹਿਰਾਸਤ ‘ਚ ਹੋਈ ਮੌਤ ਦੇ 40 ਦਿਨ ਪੂਰੇ ਹੋਣ ‘ਤੇ ਦੇਸ਼ ਦੇ ਉੱਤਰ-ਪੱਛਮੀ ਸ਼ਹਿਰ ਦੀਆਂ ਸੜਕਾਂ ‘ਤੇ ਹਜ਼ਾਰਾਂ ਪ੍ਰਦਰਸ਼ਨਕਾਰੀ ਉਤਰ ਆਏ। ਵਰਣਨਯੋਗ ਹੈ ਕਿ ਸ਼ੀਆ ਮੁਸਲਮਾਨਾਂ ‘ਚ ਮੌਤ ਤੋਂ ਬਾਅਦ ਬਹੁਤ ਸਾਰੇ ਰੀਤੀ-ਰਿਵਾਜ ਹੁੰਦੇ ਹਨ ਅਤੇ ਮੌਤ ਦੇ 40 ਦਿਨ ਪੂਰੇ ਹੋਣ ‘ਤੇ ਦੁਬਾਰਾ ਸੋਗ ਮਨਾਇਆ ਜਾਂਦਾ ਹੈ। ਅਮੀਨੀ ਦੇ ਕੁਰਦ ਜੱਦੀ ਸ਼ਹਿਰ ਸਾਕੇਜ ‘ਚ ਲੋਕਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਉਸ ਦੀ ਕਬਰ ਤੱਕ ਪਹੁੰਚਣ ਲਈ ਲੱਗੀਆਂ ਰਹੀਆਂ। ਸਰਕਾਰ ਨਾਲ ਜੁੜੇ ਮੀਡੀਆ ਦੇ ਅਨੁਸਾਰ ਅਮੀਨੀ ਦੀ ਕਬਰ ਵੱਲ ਜਾਣ ਵਾਲੇ ਜਲੂਸ ‘ਚ 10,000 ਪ੍ਰਦਰਸ਼ਨਕਾਰੀ ਸ਼ਾਮਲ ਸਨ।