ਮਿਲਵਾਕੀ (ਅਮਰੀਕਾ) ‘ਚ ਇਕ ਦਸ ਸਾਲਾ ਬੱਚੇ ਨੇ ‘ਵਰਚੁਅਲ ਰਿਐਲਿਟੀ’ (ਵੀ.ਆਰ.) ਹੈੱਡਸੈੱਟ ਖ਼ਰੀਦ ਕੇ ਨਾ ਦੇਣ ‘ਤੇ ਆਪਣੀ ਮਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸਰਕਾਰੀ ਵਕੀਲਾਂ ਨੇ ਇਹ ਜਾਣਕਾਰੀ ਦਿੱਤੀ। ਬੱਚੇ ਨੇ ਸ਼ੁਰੂ ‘ਚ ਪੁਲੀਸ ਨੂੰ ਦੱਸਿਆ ਕਿ 21 ਨਵੰਬਰ ਨੂੰ ਗੋਲੀ ਅਚਾਨਕ ਚੱਲੀ ਸੀ ਪਰ ਬਾਅਦ ‘ਚ ਉਸ ਨੇ ਦੱਸਿਆ ਕਿ ਉਸ ਨੇ ਜਾਣਬੁੱਝ ਕੇ ਆਪਣੀ ਮਾਂ ‘ਤੇ ਗੋਲੀ ਚਲਾਈ ਸੀ। ਬੱਚੇ ‘ਤੇ ਪਿਛਲੇ ਹਫ਼ਤੇ ਬਾਲਗ ਵਜੋਂ ਪਹਿਲੀ-ਡਿਗਰੀ ਜਾਣਬੁੱਝ ਕੇ ਕਤਲ ਕਰਨ ਦੇ ਦੋਸ਼ ਲਗਾਏ ਗਏ। ਵਿਸਕਾਨਸਿਨ ਕਾਨੂੰਨ ਮੁਤਾਬਕ ਗੰਭੀਰ ਅਪਰਾਧ ਦੇ ਮਾਮਲਿਆਂ ‘ਚ 10 ਸਾਲ ਦੇ ਬੱਚੇ ‘ਤੇ ਬਾਲਗ ਦੀ ਤਰ੍ਹਾਂ ਦੋਸ਼ ਲਗਾਏ ਜਾਂਦੇ ਹਨ। ਹਾਲਾਂਕਿ ਬੱਚੇ ਦੇ ਵਕੀਲ ਇਸ ਸਬੰਧ ‘ਚ ਬਾਲ ਅਦਾਲਤ ‘ਚ ਅਪੀਲ ਕਰ ਸਕਦੇ ਹਨ। ਬੱਚੇ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਮਾਨਸਿਕ ਸਿਹਤ ਦੀ ਸਮੱਸਿਆ ਨਾਲ ਪੀੜਤ ਹੈ ਅਤੇ ਉਸ ਨੂੰ ਬਾਲ ਹਿਰਾਸਤ ‘ਚ ਰੱਖਿਆ ਗਿਆ ਹੈ। ਬੱਚੇ ਦੇ ਵਕੀਲਾਂ ‘ਚੋਂ ਇਕ ਅੰਜੇਲਾ ਕਨਿੰਘਮ ਨੇ ਕਿਹਾ, ‘ਇਹ ਇਕ ਪਰਿਵਾਰਕ ਤ੍ਰਾਸਦੀ ਹੈ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇਸ ਤੋਂ ਇਨਕਾਰ ਕਰ ਸਕਦਾ ਹੈ ਜਾਂ ਅਸਹਿਮਤ ਹੋ ਸਕਦਾ ਹੈ।’ 10 ਸਾਲ ਦੇ ਬੱਚੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਾਲਗ (ਨਿਆਂ) ਪ੍ਰਣਾਲੀ ਠੀਕ ਨਹੀਂ ਹੈ। ਸ਼ਿਕਾਇਤ ਮੁਤਾਬਕ ਗੋਲੀਬਾਰੀ ਦੀ ਇਹ ਘਟਨਾ 21 ਨਵੰਬਰ ਨੂੰ ਸਵੇਰੇ ਕਰੀਬ 7 ਵਜੇ ਵਾਪਰੀ ਸੀ। ਬੱਚੇ ਨੇ ਸ਼ੁਰੂ ‘ਚ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੂੰ ਉਸ ਦੀ ਮਾਂ ਦੇ ਬੈਡਰੂਮ ‘ਚੋਂ ਹਥਿਆਰ ਮਿਲਿਆ ਅਤੇ ਉਹ ਜ਼ਮੀਨੀ ਮੰਜ਼ਲ ‘ਚ ਬਣੇ ਲਾਂਡਰੀ ‘ਚ ਗਿਆ ਜਿੱਥੇ ਉਸ ਦੀ ਮਾਂ ਕੱਪੜੇ ਧੋ ਰਹੀ ਸੀ। ਇਕ ਦਿਨ ਬਾਅਦ ਪਰੇਸ਼ਾਨ ਰਿਸ਼ਤੇਦਾਰਾਂ ਨੇ ਪੁਲੀਸ ਨੂੰ ਫੋਨ ਕੀਤਾ। ਮੁੰਡੇ ਦੀ ਮਾਸੀ ਨੇ ਕਿਹਾ ਕਿ ਜਦੋਂ ਉਸ ਨੇ ਬੱਚੇ ਨਾਲ ਗੱਲ ਕੀਤੀ ਤਾਂ ਉਸ ਨੇ ਘਰ ਦੀਆਂ ਚਾਬੀਆਂ ਦਾ ਇਕ ਸੈੱਟ ਕੱਢਿਆ ਜਿਸ ‘ਚ ਬੰਦੂਕ ਦੇ ਲਾਕ ਬਾਕਸ ਦੀ ਇਕ ਚਾਬੀ ਸੀ। ਜਦੋਂ ਉਸ ਦੇ ਰਿਸ਼ਤੇਦਾਰਾਂ ਨੇ ਗੋਲੀ ਚੱਲਣ ਬਾਰੇ ‘ਚ ਪੁੱਛਿਆ ਤਾਂ ਮੁੰਡੇ ਨੇ ਕਿਹਾ ਕਿ ਉਸ ਨੇ ਆਪਣੀ ਮਾਂ ‘ਤੇ ਬੰਦੂਕ ਤਾਨ ਦਿੱਤੀ ਸੀ। ਮੁੰਡੇ ਦੇ ਰਿਸ਼ਤੇਦਾਰ ਅਤੇ ਭੈਣ ਨੇ ਕਿਹਾ ਕਿ ਮਾਂ ਦੀ ਮੌਤ ‘ਤੇ ਉਹ ਕਦੇ ਨਹੀਂ ਰੋਇਆ ਜਾਂ ਉਸ ਨੂੰ ਕੋਈ ਪਛਤਾਵਾ ਵੀ ਨਹੀਂ ਸੀ। ਉਨ੍ਹਾਂ ਨੇ ਇਹ ਵੀ ਕਿਹਾਕਿ ਉਸ ਨੇ ਮਾਂ ਦੀ ਮੌਤ ਦੇ ਬਾਅਦ ਉਨ੍ਹਾਂ ਦੇ ਐਮਾਜ਼ਨ ਖਾਤੇ ‘ਚ ਲੌਗਇਨ ਕੀਤਾ ਅਤੇ ਸਵੇਰੇ ਓਕੂਲਸ ਵਰਚੁਅਲ ਰਿਐਲਿਟੀ ਹੈੱਡਸੈੱਟ ਦਾ ਆਰਡਰ ਦਿੱਤਾ।