ਵੱਡੀ ਗਿਣਤੀ ਭਾਰਤੀ ਨਾਗਰਿਕ ਲੰਮੇ ਸਮੇਂ ਤੋਂ ਆਪਣਾ ਕੈਨੇਡਾ ਦਾ ਵੀਜ਼ਾ ਉਡੀਕ ਰਹੇ ਹਨ ਜਿਨ੍ਹਾਂ ‘ਚ ਨਿਰਾਸ਼ਾ ਵਧਦੀ ਜਾ ਰਹੀ ਹੈ। ਇਸ ਦਰਮਿਆਨ ਕੈਨੇਡੀਅਨ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਉਹ ਵੀਜ਼ਾ ਦੀ ਉਡੀਕ ਨੂੰ ਘੱਟ ਕਰਨ ਲਈ ਕੰਮ ਕਰ ਰਹੇ ਹਨ। ਹਾਈ ਕਮਿਸ਼ਨ ਨੇ ਕਿਹਾ ਕਿ ਉਹ ਲੋਕਾਂ ਦੀ ‘ਨਿਰਾਸ਼ਾ ਤੇ ਪ੍ਰੇਸ਼ਾਨੀ’ ਨੂੰ ਸਮਝਦੇ ਹਨ ਤੇ ਸਮਾਂ ਘਟਾਉਣ ਲਈ ਯਤਨ ਕਰ ਰਹੇ ਹਨ। ਕਈ ਟਵੀਟ ਕਰਦਿਆਂ ਹਾਈ ਕਮਿਸ਼ਨ ਨੇ ਕਿਹਾ ਕਿ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਹਰ ਹਫ਼ਤੇ ਵੀਜ਼ਾ ਮਿਲ ਰਹੇ ਹਨ ਤੇ ਉਡੀਕ ਘਟਾਉਣ ਲਈ ਯਤਨ ਹੋ ਰਹੇ ਹਨ। ਹਾਈ ਕਮਿਸ਼ਨ ਨੇ ਕਿਹਾ ਕਿ ਪੂਰਾ ਸਾਲ ਅਰਜ਼ੀਆਂ ਉਤੇ ਕੰਮ ਕੀਤਾ ਜਾ ਰਿਹਾ ਹੈ, ਸਤੰਬਰ-2022 ਸੈਸ਼ਨ ਦੇ ਵਿਦਿਆਰਥੀ ਵੀਜ਼ਿਆਂ ‘ਤੇ ਵੀ ਕੰਮ ਜਾਰੀ ਹੈ। ਮਿਸ਼ਨ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਵੱਡੀ ਗਿਣਤੀ ‘ਚ ਅਰਜ਼ੀਆਂ ਮਿਲ ਰਹੀਆਂ ਹਨ, ਪਰ ਇਸ ਦੇ ਬਾਵਜੂਦ ਉਡੀਕ ਦਾ ਸਮਾਂ ਘੱਟ ਕਰਨ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ ‘ਤੇ ਵਿਦਿਆਰਥੀ ਵੀਜ਼ੇ ਲਈ ਉਡੀਕ ਦਾ ਸਮਾਂ 12 ਹਫ਼ਤੇ ਹੈ। ਹਾਲਾਂਕਿ 2022 ‘ਚ ਭਾਰਤੀਆਂ ਲਈ ਉਡੀਕ ਦਾ ਸਮਾਂ ਇਸ ਨਾਲੋਂ ਵੱਧ ਰਿਹਾ ਹੈ। ਹਾਈ ਕਮਿਸ਼ਨ ਨੇ ਕਿਹਾ, ‘ਜਿਹੜੇ ਵਿਦਿਆਰਥੀ ਅਜੇ ਵੀ ਆਪਣੀ ਵੀਜ਼ਾ ਅਰਜ਼ੀ ਦਾ ਨਤੀਜਾ ਉਡੀਕ ਰਹੇ ਹਨ, ਅਸੀਂ ਉਨ੍ਹਾਂ ਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਉਹ ਆਪਣੀਆਂ ਕਲਾਸਾਂ ਸ਼ੁਰੂ ਹੋਣ ਤੱਕ ਕੈਨੇਡਾ ਨਹੀਂ ਪਹੁੰਚ ਰਹੇ ਹਨ ਤਾਂ ਉਹ ਆਪਣੇ ਕਾਲਜ/ਯੂਨੀਵਰਸਿਟੀ ਨਾਲ ਰਾਬਤਾ ਕਰ ਕੇ ਉਪਲੱਬਧ ਬਦਲਾਂ ‘ਤੇ ਵਿਚਾਰ ਕਰ ਸਕਦੇ ਹਨ।’