ਮੀਡੀਆ ਦੇ ਇਕ ਹਿੱਸੇ ਵੱਲੋਂ ਅਜਿਹੀਆਂ ਖ਼ਬਰਾਂ ਚਲਾਈਆਂ ਜਾ ਰਹੀਆਂ ਹਨ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਨੂੰ ਹਰਾ ਕੇ ਤਿੰਨ ਨਵੇਂ ਕੈਬਨਿਟ ਮੰਤਰੀ ਬਣਾਉਣ ਦੀ ਤਿਆਰੀ ਹੋ ਰਹੀ ਹੈ, ਪਰ ‘ਆਪ’ ਸਰਕਾਰ ਹਾਲੇ ਕੈਬਨਿਟ ਵਿਸਥਾਰ ਕਰਨ ਦੇ ਰੌਂਅ ‘ਚ ਨਹੀਂ ਜਾਪਦੀ। ਬੀਤੇ ਦਿਨ ਤੋਂ ਇਹ ਅਟਕਲਾਂ ਜ਼ੋਰਾਂ ‘ਤੇ ਹਨ ਕਿ ਕੈਬਨਿਟ ਮੰਤਰੀ ਸਰਾਰੀ ਦੀ ਛੁੱਟੀ ਮਗਰੋਂ ਕੈਬਨਿਟ ‘ਚ ਵਿਸਥਾਰ ਹੋਵੇਗਾ। ਸੂਤਰਾਂ ਅਨੁਸਾਰ ‘ਆਪ’ ਸਰਕਾਰ ਦੇ ਏਜੰਡੇ ‘ਤੇ ਹਾਲੇ ਕੈਬਨਿਟ ਵਿਸਥਾਰ ਨਹੀਂ ਹੈ ਅਤੇ ਨਾ ਹੀ ‘ਆਪ’ ਹਾਈ ਕਮਾਨ ਨੇ ਅਜਿਹਾ ਕੋਈ ਇਸ਼ਾਰਾ ਕੀਤਾ ਹੈ। ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਬਾਰੇ ਆਖਰੀ ਫ਼ੈਸਲਾ ਇਸ ਲਈ ਨਹੀਂ ਲਿਆ ਗਿਆ ਕਿਉਂਕਿ ‘ਆਪ’ ਸਰਕਾਰ ਹਾਲੇ ਸ਼ੁਰੂ ਕੀਤੀ ਜਾਂਚ ਨੂੰ ਪੁਖ਼ਤਾ ਕਰਨ ‘ਚ ਜੁਟੀ ਹੋਈ ਹੈ। ਅਹਿਮ ਸੂਤਰਾਂ ਅਨੁਸਾਰ ਜਾਂਚ ‘ਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਲੀਕ ਆਡੀਓ ‘ਚ ਆਵਾਜ਼ ਫੌਜਾ ਸਿੰਘ ਸਰਾਰੀ ਦੀ ਹੈ ਅਤੇ ਇਹ ਆਡੀਓ ਸਰਾਰੀ ਦੇ ਮੰਤਰੀ ਬਣਨ ਤੋਂ ਚਾਰ ਮਹੀਨੇ ਪਹਿਲਾਂ ਦੀ ਹੈ। ਚੇਤੇ ਰਹੇ ਕਿ ਕੁਝ ਸਮਾਂ ਪਹਿਲਾਂ ਸਰਾਰੀ ਦੀ ਆਪਣੇ ਕਿਸੇ ਨੇੜਲੇ ਨਾਲ ਗੱਲਬਾਤ ਦੀ ਆਡੀਓ ਲੀਕ ਹੋਈ ਸੀ ਜਿਸ ‘ਚ ਕਥਿਤ ਸੌਦੇਬਾਜ਼ੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਚਾਹੁੰਦੇ ਹਨ ਕਿ ‘ਆਪ’ ਸਰਕਾਰ ਦਾ ਭ੍ਰਿਸ਼ਟਾਚਾਰ ਖ਼ਿਲਾਫ਼ ‘ਜ਼ੀਰੋ ਟੌਲਰੈਂਸ’ ਦੇ ਮੁੱਦੇ ‘ਤੇ ਅਕਸ ਸਾਫ਼ ਰਹੇ ਅਤੇ ਹਾਈ ਕਮਾਨ ਨੇ ਵੀ ਇਸ ਲਈ ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਮੰਤਰੀ ਮਾਨ ਬੀਤੇ ਦਿਨ ਫ਼ਿਰੋਜ਼ਪੁਰ ‘ਚ ਖ਼ੁਲਾਸਾ ਕਰ ਚੁੱਕੇ ਹਨ ਕਿ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਨੋਟਿਸ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਜੁਆਬ ਦੀ ਉਡੀਕ ਕੀਤੀ ਜਾ ਰਹੀ ਹੈ। ਅਹਿਮ ਵੇਰਵਿਆਂ ਅਨੁਸਾਰ ‘ਆਪ’ ਸਰਕਾਰ ਹਾਲੇ ਫ਼ੌਰੀ ਕੋਈ ਐਕਸ਼ਨ ਨਹੀਂ ਲਵੇਗੀ ਅਤੇ ਮੁੱਖ ਮੰਤਰੀ ਇਹ ਯਕੀਨੀ ਬਣਾ ਰਹੇ ਹਨ ਕਿ ਲੀਕ ਆਡੀਓ ਦੀ ਹਰ ਪਹਿਲੂ ਤੋਂ ਜਾਂਚ ਹੋਵੇ ਤੇ ਮੰਤਰੀ ਸਰਾਰੀ ਨੂੰ ਆਪਣਾ ਪੱਖ ਰੱਖਣ ਦਾ ਵੀ ਮੌਕਾ ਦਿੱਤਾ ਜਾਵੇ। ਕਈ ਸੂਤਰਾਂ ਅਨੁਸਾਰ ਕਾਰਵਾਈ ਮੁਕੰਮਲ ਹੋਣ ਦੀ ਸੰਭਾਵਨਾ ਉਦੋਂ ਹੈ, ਜਦੋਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣਾਂ ਨੂੰ ਲੈ ਕੇ ਚੋਣ ਜ਼ਾਬਤਾ ਲੱਗੇਗਾ। ਅਕਤੂਬਰ ਮਹੀਨੇ ਦੇ ਅੱਧ ‘ਚ ਚੋਣ ਜ਼ਾਬਤਾ ਲੱਗਣ ਦੀ ਸੰਭਾਵਨਾ ਹੈ। ‘ਆਪ’ ਸਰਕਾਰ ਇਸ ਮਾਮਲੇ ‘ਚ ਲਏ ਗਏ ਫ਼ੈਸਲੇ ਦਾ ਸਿਆਸੀ ਫ਼ਾਇਦਾ ਗੁਜਰਾਤ ਤੇ ਹਿਮਾਚਲ ਚੋਣਾਂ ‘ਚ ਲੈਣ ਦੀ ਇੱਛੁਕ ਹੈ ਤੇ ਕਾਰਵਾਈ ਕਰਕੇ ਵਿਰੋਧੀ ਧਿਰਾਂ ਨੂੰ ਵੀ ਸਿਆਸੀ ਫ਼ਾਇਦਾ ਚੁੱਕਣ ਦਾ ਮੌਕਾ ਵੀ ਨਹੀਂ ਦੇਵੇਗੀ।