ਦੀਵਾਲੀ ਮੌਕੇ ਵ੍ਹਾਈਟ ਹਾਊਸ ਵਿਖੇ ਹੁਣ ਤੱਕ ਦਾ ਸਭ ਤੋਂ ਵੱਡਾ ਜਸ਼ਨ ਹੋਇਆ ਅਤੇ ਦੀਵਾਲੀ ਮਨਾਉਣ ਦੇ ਪ੍ਰੋਗਰਾਮ ਦੀ ਮੇਜ਼ਬਾਨੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਨ੍ਹਾਂ ਦੀ ਪਤਨੀ ਜਿਲ ਬਾਇਡਨ ਨੇ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੋਂ ਜਾਰਜ ਬੁਸ਼ ਪ੍ਰਸ਼ਾਸਨ ਨੇ ਵ੍ਹਾਈਟ ਹਾਊਸ ‘ਚ ਦੀਵਾਲੀ ਮਨਾਉਣੀ ਸ਼ੁਰੂ ਕੀਤੀ ਹੈ, ਉਦੋਂ ਤੋਂ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਜਸ਼ਨ ਹੈ। ਈਸਟ ਰੂਮ ‘ਚ ਆਯੋਜਿਤ ਸਮਾਰੋਹ ‘ਚ 200 ਤੋਂ ਵੱਧ ਉੱਘੇ ਭਾਰਤੀ-ਅਮਰੀਕਨਾਂ ਨੇ ਸ਼ਿਰਕਤ ਕੀਤੀ। ਈਸਟ ਰੂਮ ਇੰਡੀਆ-ਅਮਰੀਕਾ ਸਬੰਧਾਂ ਨਾਲ ਸਬੰਧਤ ਵੱਖ-ਵੱਖ ਇਤਿਹਾਸਕ ਘਟਨਾਵਾਂ ਦਾ ਗਵਾਹ ਰਿਹਾ ਹੈ, ਜਿਸ ‘ਚ 2008 ‘ਚ ਪ੍ਰਮਾਣੂ ਸਮਝੌਤੇ ‘ਤੇ ਦਸਤਖ਼ਤ ਅਤੇ ਉਸ ਸਮੇਂ ਦੇ ਅਮਰੀਕਨ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪ੍ਰੈੱਸ ਕਾਨਫਰੰਸ ਸ਼ਾਮਲ ਹੈ। ਦੀਵਾਲੀ ਦੇ ਜਸ਼ਨਾਂ ‘ਚ ਕੁਝ ਮਨਮੋਹਕ ਸੱਭਿਆਚਾਰਕ ਪ੍ਰੋਗਰਾਮ ਦੇਖਣ ਨੂੰ ਮਿਲੇ, ਜਿਨ੍ਹਾਂ ‘ਚ ਸਿਤਾਰਵਾਦਕ ਰਿਸ਼ਭ ਸ਼ਰਮਾ ਅਤੇ ਡਾਂਸ ਟਰੂਪ ‘ਦਿ ਸਾ ਡਾਂਸ ਕੰਪਨੀ’ ਦੀ ਪੇਸ਼ਕਾਰੀ ਸ਼ਾਮਲ ਸੀ। ਸਾੜ੍ਹੀਆਂ, ਲਹਿੰਗਾ ਅਤੇ ਸ਼ੇਰਵਾਨੀਆਂ ਵਰਗੇ ਰਵਾਇਤੀ ਭਾਰਤੀ ਪਹਿਰਾਵੇ ‘ਚ ਸਜੇ ਮਹਿਮਾਨਾਂ ਨੇ ਭਾਰਤੀ ਪਕਵਾਨਾਂ ਦਾ ਆਨੰਦ ਮਾਣਿਆ। ਬਾਇਡਨ ਨੇ ਦੀਵਾਲੀ ਮਨਾਉਣ ਲਈ ਸਮਾਗਮ ਦੌਰਾਨ ਦੋ ਬੱਚਿਆਂ ਨੂੰ ਸਟੇਜ ‘ਤੇ ਬੁਲਾਇਆ। ਯੂ.ਐਸ. ਇੰਡੀਆ ਬਿਜ਼ਨਸ ਕੌਂਸਲ ਦੇ ਪ੍ਰਧਾਨ ਅਤੁਲ ਕੇਸ਼ਪ ਨੇ ਸਮਾਰੋਹ ਦੌਰਾਨ ਦੱਸਿਆ ਕਿ ਇਹ ਇਸ ਗੱਲ ਦਾ ਜਸ਼ਨ ਹੈ ਕਿ ਭਾਰਤੀ ਅਮਰੀਕਨ ਭਾਈਚਾਰੇ ਨੇ ਅਮਰੀਕਾ ‘ਚ ਕੀ ਹਾਸਲ ਕੀਤਾ ਹੈ। ਦੀਵਾਲੀ ‘ਤੇ ਸਾਡੀ ਮੇਜ਼ਬਾਨੀ ਕਰਨ ਲਈ ਅਸੀਂ ਰਾਸ਼ਟਰਪਤੀ ਅਤੇ ਵ੍ਹਾਈਟ ਹਾਊਸ ਦੇ ਧੰਨਵਾਦੀ ਹਾਂ। ਮੈਂ ਇਕ ਭਾਰਤੀ-ਅਮਰੀਕਨ ਦੇ ਤੌਰ ”ਤੇ ਇਥੇ ਆ ਕੇ ਬਹੁਤ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ। ਅਮਰੀਕਾ ਦੇ ਸਭ ਤੋਂ ਵੱਡੇ ਦੱਖਣੀ ਏਸ਼ੀਅਨ ਟੈਲੀਵਿਜ਼ਨ ਚੈਨਲ ਟੀਵੀ ਏਸ਼ੀਆ ਦੇ ਚੇਅਰਮੈਨ ਅਤੇ ਸੀ.ਈ.ਓ. ਐਚ.ਆਰ. ਸ਼ਾਹ ਨੇ ਕਿਹਾ ਕਿ ਦੀਵਾਲੀ ਮਨਾਉਣ ਲਈ ਇਥੇ ਆਉਣਾ ਇਕ ਸਨਮਾਨ ਅਤੇ ਖੁਸ਼ਕਿਸਮਤੀ ਦੀ ਗੱਲ ਹੈ। ਭਾਰਤੀ ਅਮਰੀਕਨ ਇਸ ਲਈ ਰਾਸ਼ਟਰਪਤੀ ਅਤੇ ਪਹਿਲੀ ਮਹਿਲਾ ਦੇ ਧੰਨਵਾਦੀ ਹਨ। ਇਸ ਤੋਂ ਪਹਿਲਾਂ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਬਾਇਡਨ ਨੇ ਕਿਹਾ ਕਿ ਇੰਨੇ ਵੱਡੇ ਪੱਧਰ ‘ਤੇ ਵ੍ਹਾਈਟ ਹਾਊਸ ‘ਚ ਇਹ ਪਹਿਲਾ ਦੀਵਾਲੀ ਦਾ ਜਸ਼ਨ ਹੈ। ਉਨ੍ਹਾਂ ਕਿਹਾ ਕਿ ਸਾਊਥ ਏਸ਼ੀਅਨ ਭਾਈਚਾਰੇ ਨੇ ਦੇਸ਼ ਨੂੰ ਮਹਾਮਾਰੀ ਤੋਂ ਬਾਹਰ ਆਉਣ ‘ਚ ਮਦਦ ਕੀਤੀ ਹੈ। ਇਸ ਦੇ ਨਾਲ ਹੀ ਇਕ ਅਰਥਵਿਵਸਥਾ ਬਣਾਈ ਗਈ ਹੈ ਜਿਸ ‘ਚ ਸਭ ਲਈ ਕੰਮ ਕੀਤਾ ਜਾਂਦਾ ਹੈ। ਇਸ ਦੌਰਾਨ ਅਮਰੀਕਾ ‘ਚ ਕਈ ਭਾਰਤੀ-ਅਮਰੀਕਨ ਸੰਸਦ ਮੈਂਬਰਾਂ ਨੇ ਦੀਵਾਲੀ ਮਨਾਈ, ਸਮਾਜ ਦੇ ਯੋਗਦਾਨ ਅਤੇ ਆਧੁਨਿਕ ਸੰਸਾਰ ‘ਚ ਰੌਸ਼ਨੀ ਦੇ ਤਿਉਹਾਰ ਦੀ ਸਾਰਥਕਤਾ ਦੀ ਝਲਕ ਪੇਸ਼ ਕੀਤੀ। ਭਾਰਤੀ ਮੂਲ ਦੇ ਮੈਂਬਰ ਪਾਰਲੀਮੈਂਟ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਜਿਵੇਂ ਕਿ ਦੁਨੀਆ ਭਰ ‘ਚ ਰੌਸ਼ਨੀ ਦਾ ਤਿਉਹਾਰ ਮਨਾਇਆ ਜਾਂਦਾ ਹੈ, ਮੈਂ ਉਮੀਦ ਕਰਦਾ ਹਾਂ ਕਿ ਅਸੀਂ ਚੁਣੌਤੀ ਅਤੇ ਅਨਿਸ਼ਚਿਤਤਾ ਦੇ ਸਮੇਂ ‘ਚ ਅਮਰੀਕਾ ਅਤੇ ਦੁਨੀਆ ਭਰ ‘ਚ ਇਕ ਬਿਹਤਰ ਭਵਿੱਖ ਬਣਾਉਣ ਲਈ ਇਸ ਊਰਜਾ ਅਤੇ ਉਤਸ਼ਾਹ ਦੀ ਵਰਤੋਂ ਕਰਾਂਗੇ। ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਕਿਹਾ ਕਿ ਦੀਵਾਲੀ ਇਹ ਯਾਦ ਦਿਵਾਉਣ ਦਾ ਮੌਕਾ ਹੈ ਕਿ ਆਜ਼ਾਦੀ, ਚੰਗਿਆਈ ਅਤੇ ਕਾਰਜ ਦੀ ਹਮੇਸ਼ਾ ਜਿੱਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰੌਸ਼ਨੀ ਦੇ ਇਸ ਤਿਉਹਾਰ ‘ਤੇ, ਆਓ ਅਸੀਂ ਆਪਣੇ ਕੰਮਾਂ ਰਾਹੀਂ ਆਪਣੇ ਭਾਈਚਾਰਿਆਂ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਜੀਵਨ ‘ਚ ਉਮੀਦ, ਖੁਸ਼ੀਆਂ ਅਤੇ ਰੌਸ਼ਨੀ ਲਿਆਉਣ ਦਾ ਸੰਕਲਪ ਕਰੀਏ। ਹੁਣ ਸਾਨੂੰ ਨਫ਼ਰਤ, ਇਸਲਾਮੋਫੋਬੀਆ ਅਤੇ ਨਸਲਵਾਦ ਖ਼ਿਲਾਫ਼ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋਣ ਦੀ ਲੋੜ ਹੈ ਅਤੇ ਇਹ ਦੁਹਰਾਉਣ ਦੀ ਲੋੜ ਹੈ ਕਿ ਸਾਡੇ ਦੇਸ਼ ‘ਚ ਉਨ੍ਹਾਂ ਦੀ ਕੋਈ ਥਾਂ ਨਹੀਂ ਹੈ।