ਵਿਸਕਾਨਸਿਨ ਦੇ ਗੁਰਦੁਆਰੇ ‘ਤੇ 2012 ‘ਚ ਹੋਏ ਹਮਲੇ ਦੀ 10ਵੀਂ ਬਰਸੀ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਦੀ ਨਿਖੇਧੀ ਕਰਦਿਆਂ ਮੁਲਕ ‘ਚੋਂ ਬੰਦੂਕ ਹਿੰਸਾ ਘਟਾਉਣ ਅਤੇ ਘਰੇਲੂ ਅੱਤਵਾਦ ਨੂੰ ਮਾਤ ਦੇਣ ਲਈ ਹਥਿਆਰਾਂ ‘ਤੇ ਪਾਬੰਦੀ ਲਗਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਅਮਰੀਕਾ ‘ਚੋਂ ਹਰ ਤਰ੍ਹਾਂ ਦੀ ਨਫ਼ਰਤ ਨੂੰ ਵੀ ਖ਼ਤਮ ਕਰਨ ਦਾ ਹੋਕਾ ਦਿੱਤਾ। ਜ਼ਿਕਰਯੋਗ ਹੈ ਕਿ 5 ਅਗਸਤ 2012 ‘ਚ ਇਕ ਗੋਰੇ ਨੇ ਵਿਸਕਾਨਸਿਨ ਦੇ ਓਕ ਕਰੀਕ ਗੁਰਦੁਆਰੇ ਅੰਦਰ ਗੋਲੀਆਂ ਚਲਾ ਕੇ ਛੇ ਵਿਅਕਤੀਆਂ ਨੂੰ ਮਾਰ ਦਿੱਤਾ ਸੀ। ਇਕ ਹੋਰ ਵਿਅਕਤੀ ਨੂੰ ਗੋਲੀਆਂ ਲੱਗਣ ਕਾਰਨ ਅਧਰੰਗ ਹੋ ਗਿਆ ਸੀ ਅਤੇ ਉਸ ਦੀ 2020 ‘ਚ ਮੌਤ ਹੋਈ ਸੀ। ਬਾਇਡਨ ਨੇ ਕਿਹਾ ਕਿ ਓਕ ਕਰੀਕ ‘ਤੇ ਹੋਈ ਗੋਲੀਬਾਰੀ ਅਮਰੀਕਾ ਦੇ ਇਤਿਹਾਸ ‘ਚ ਸਿੱਖਾਂ ‘ਤੇ ਸਭ ਤੋਂ ਘਾਤਕ ਹਮਲਾ ਸੀ। ‘ਪਿਛਲੇ ਇਕ ਦਹਾਕੇ ਤੋਂ ਸਾਡੇ ਮੁਲਕ ਦੀਆਂ ਇਬਾਦਤਗਾਹਾਂ ‘ਤੇ ਹਮਲੇ ਆਮ ਹੋ ਗਏ ਹਨ। ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਨਫ਼ਰਤ ਨੂੰ ਰੋਕੀਏ। ਕਿਸੇ ਨੂੰ ਵੀ ਪ੍ਰਾਰਥਨਾ ਕਰਨ ਸਮੇਂ ਆਪਣਾ ਸਿਰ ਝੁਕਾਉਣ ‘ਤੇ ਜਾਨ ਦਾ ਖੌਅ ਨਹੀਂ ਹੋਣਾ ਚਾਹੀਦਾ ਹੈ।’ ਰਾਸ਼ਟਰਪਤੀ ਨੇ ਕਿਹਾ ਕਿ ਓਕ ਕਰੀਕ ਦੀ ਘਟਨਾ ਨੇ ਸਾਰਿਆਂ ਨੂੰ ਰਾਹ ਦਿਖਾਇਆ ਹੈ ਅਤੇ ਚੇਤੇ ਕੀਤਾ ਕਿ ਕਿਵੇਂ ਹਮਲੇ ਮਗਰੋਂ ਸਿੱਖਾਂ ਨੇ ਗੁਰਦੁਆਰਾ ਖੁਦ ਹੀ ਸਾਫ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਅਮਰੀਕਨ ਇਤਿਹਾਸ ‘ਚ ਇਕ ਪੀੜਤ ਦਾ ਪੁੱਤਰ ਪਹਿਲਾ ਸਿੱਖ ਬਣ ਗਿਆ ਜੋ ਕਾਂਗਰਸ ‘ਚ ਆਇਆ ਅਤੇ ਉਸ ਨੇ ਸਿੱਖਾਂ ਤੇ ਹੋਰ ਘੱਟਗਿਣਤੀਆਂ ਖ਼ਿਲਾਫ਼ ਨਫ਼ਰਤੀ ਅਪਰਾਧਾਂ ‘ਤੇ ਨੱਥ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਹਰ ਸਾਲ ਪੀੜਤਾਂ ਦੀ ਯਾਦ ‘ਚ ਪ੍ਰੋਗਰਾਮ ਕਰਵਾ ਕੇ ਸਾਰਿਆਂ ਦੀ ‘ਚੜ੍ਹਦੀ ਕਲਾ’ ਦੀ ਅਰਦਾਸ ਕੀਤੀ ਜਾਂਦੀ ਹੈ।