ਪੰਜਾਬ ਦੇ ਵੱਡੇ ਮਸਲੇ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਲਈ ਫੋਰੈਂਸਿਕ ਮਾਹਿਰਾਂ ਅਤੇ ਜਾਂਚ ਅਧਿਕਾਰੀਆਂ ਦੀ ਟੀਮ ਕੋਟਕਪੂਰਾ ਪਹੁੰਚੀ ਅਤੇ ਤੱਥਾਂ ਦੀ ਡੂੰਘਾਈ ਨਾਲ ਪੜਤਾਲ ਕੀਤੀ। ਉਧਰ ਇਸ ਗੋਲੀਕਾਂਡ ਦੀ ਜਾਂਚ ਅਧੂਰੀ ਹੋਣ ਕਾਰਨ ਫਰੀਦਕੋਟ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ‘ਚ ਹੋਣ ਵਾਲੀ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਨਹੀਂ ਹੋ ਸਕੀ, ਜਿਸ ਮਗਰੋਂ ਅਦਾਲਤ ਨੇ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਹੁਣ ਅਗਲੇ ਮਹੀਨੇ ਦੀ 17 ਤਰੀਕ ਤੱਕ ਮੁਲਤਵੀ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕੋਟਕਪੂਰਾ ਗੋਲੀ ਕਾਂਡ ‘ਚ ਵਿਸ਼ੇਸ਼ ਜਾਂਚ ਟੀਮ ਨੇ ਏ.ਡੀ.ਜੀ.ਪੀ. ਐੱਲ.ਕੇ. ਯਾਦਵ ਦੀ ਅਗਵਾਈ ਹੇਠ ਘਟਨਾ ਸਥਾਨ ਦਾ ਦੌਰਾ ਕੀਤਾ, ਜਿੱਥੇ 14 ਅਕਤੂਬਰ 2015 ਨੂੰ ਗੋਲੀ ਕਾਂਡ ਵਾਪਰਿਆ ਸੀ। ਯਾਦਵ ਨਾਲ ਫੋਰੈਂਸਿਕ ਮਾਹਿਰਾਂ ਦੀ ਟੀਮ ਵੀ ਪੁੱਜੀ, ਜਿਸ ਨੇ ਚਸ਼ਮਦੀਦ ਗਵਾਹਾਂ ਗਗਨਦੀਪ ਸਿੰਘ ਤੇ ਅਜੀਤ ਸਿੰਘ ਤੋਂ ਘਟਨਾ ਸਥਾਨ ‘ਤੇ ਚੱਲੀਆਂ ਗੋਲੀਆਂ ਦੀਆਂ ਦਿਸ਼ਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਟੀਮ ਨੇ 14 ਅਕਤੂਬਰ ਨੂੰ ਵਾਪਰੇ ਗੋਲੀ ਕਾਂਡ ਦੇ ਸਾਰੇ ਸੀਨ ਨੂੰ ਮੁੜ ਉਸਾਰ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ। ਫੋਰੈਂਸਿਕ ਮਾਹਿਰਾਂ ਦੀ ਟੀਮ ਨੇ ਸੀ.ਸੀ.ਟੀ.ਵੀ. ਕੈਮਰੇ, ਪੁਲੀਸ ਰਿਕਾਰਡ ਅਤੇ ਘਟਨਾ ਸਥਾਨ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਜਾਂਚ ਟੀਮ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਕੋਟਕਪੂਰਾ ਗੋਲੀ ਕਾਂਡ ਦੀ ਮੁੜ ਪੜਤਾਲ ਕਰ ਰਹੀ ਹੈ। ਇਸ ਕਾਂਡ ਦੀ ਪੜਤਾਲ ਪਹਿਲਾਂ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਕੀਤੀ ਗਈ ਸੀ, ਜਿਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ। ਕੋਟਕਪੂਰਾ ਗੋਲੀ ਕਾਂਡ ‘ਚ ਹੋ ਰਹੀ ਪੜਤਾਲ ਦੀ ਪ੍ਰਗਤੀ ਰਿਪੋਰਟ 17 ਦਸੰਬਰ ਨੂੰ ਫ਼ਰੀਦਕੋਟ ਦੀ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤੀ ਜਾਣੀ ਹੈ।