ਟੋਕੀਓ ਓਲੰਪਿਕਸ ਦੀ ਕਾਂਸੇ ਦਾ ਮੈਡਲ ਜੇਤੂ ਲਵਲੀਨਾ ਬੋਰਗੋਹੇਨ ਤੇ ਮੌਜੂਦਾ ਵਿਸ਼ਵ ਚੈਂਪੀਅਨ ਨਿਕਹਤ ਜ਼ਰੀਨ ਵਿਸ਼ਵ ਮੁੱਕੇਬਾਜ਼ੀ ਸੰਘ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2023 ‘ਚ ਇੰਡੀਆ ਦੀ ਚੁਣੌਤੀ ਦੀ ਅਗਵਾਈ ਕਰਨਗੀਆਂ। ਇਹ ਚੈਂਪੀਅਨਸ਼ਿਪ 15 ਤੋਂ 26 ਮਾਰਚ ਤੱਕ ਇੰਦਰਾ ਗਾਂਧੀ ਖੇਡ ਕੰਪਲੈਕਸ ‘ਚ ਕਰਵਾਈ ਜਾਵੇਗੀ। ਬੋਰਗੋਹੇਨ (75 ਕਿੱਲੋਗ੍ਰਾਮ) ਹੁਣ ਤਕ ਵਿਸ਼ਵ ਚੈਂਪੀਅਨਸ਼ਿਪ ‘ਚ ਦੋ ਕਾਂਸੇ ਦੇ ਮੈਡਲ ਜਿੱਤ ਚੁੱਕੀ ਹੈ ਤੇ ਉਹ ਘਰੇਲੂ ਹਾਲਾਤ ‘ਚ ਹੋਰ ਦੇਸ਼ਾਂ ਦੇ ਕਈ ਓਲੰਪਿਕ ਮੈਡਲ ਜੇਤੂਆਂ ਵਿਚਾਲੇ ਇਸ ਵਿਚ ਸੁਧਾਰ ਕਰਨਾ ਚਾਹੇਗੀ। ਨਿਕਹਤ 50 ਕਿੱਲੋਗ੍ਰਾਮ ਵਰਗ ਦੀ ਮੌਜੂਦਾ ਚੈਂਪੀਅਨ ਹੈ ਤੇ ਆਪਣੇ ਖ਼ਿਤਾਬ ਦਾ ਬਚਾਅ ਕਰਨ ਉਤਰੇਗੀ। ਨਿਕਹਤ ਨੇ ਇਸਤਾਂਬੁਲ ‘ਚ 2022 ਆਈ.ਬੀ.ਏ. ਮਹਿਲਾ ਵਿਸ਼ਵ ਚੈਂਪੀਅਨਸ਼ਿਪ ‘ਚ ਖ਼ਿਤਾਬ ਜਿੱਤਿਆ ਸੀ। ਬਰਮਿੰਘਮ 2022 ਰਾਸ਼ਟਰਮੰਡਲ ਖੇਡਾਂ ਦੀ ਗੋਲਡ ਮੈਡਲ ਜੇਤੂ ਨੀਤੂ ਘੰਘਾਸ 48 ਕਿੱਲੋਗ੍ਰਾਮ ਵਰਗ ‘ਚ ਮੁਕਾਬਲਾ ਕਰੇਗੀ। ਦੋ ਵਾਰ ਦੀ ਇਹ ਯੁਵਾ ਵਿਸ਼ਵ ਚੈਂਪੀਅਨ ਇਕ ਹੋਰ ਵੱਡਾ ਮੈਡਲ ਆਪਣੇ ਨਾਂ ਕਰਨਾ ਚਾਹੇਗੀ। ਦਿੱਲੀ ‘ਚ 2018 ਵਿਸ਼ਵ ਚੈਂਪੀਅਨਸ਼ਿਪ ‘ਚ ਅਸਰਦਾਰ ਪ੍ਰਦਰਸ਼ਨ ਕਰਨ ਦੇ ਨਾਲ ਵਿਸ਼ਵ ਪੱਧਰੀ ਮੰਚ ‘ਤੇ ਆਪਣੇ ਆਉਣ ਦਾ ਐਲਾਨ ਕਰਨ ਵਾਲੀ ਮਨੀਸ਼ਾ ਮੌਨ ਸਭ ਤੋਂ ਵੱਧ ਪ੍ਰਤੀਯੋਗੀ 57 ਕਿੱਲੋਗ੍ਰਾਮ ‘ਫੇਦਰਵੇਟ’ ਵਰਗ ‘ਚ ਦੇਸ਼ ਦੀ ਨੁਮਾਇੰਦਗੀ ਕਰੇਗੀ। ਮਨੀਸ਼ਾ ਨੇ 2022 ਵਿਸ਼ਵ ਚੈਂਪੀਅਨਸ਼ਿਪ ‘ਚ ਕਾਂਸੇ ਦਾ ਮੈਡਲ ਜਿੱਤਿਆ ਸੀ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੀ ਕਾਂਸੇ ਦਾ ਮੈਡਲ ਜੇਤੂ ਜੈਸਮਿਨ ਲੈਂਬੋਰੀਆ ਪਿਛਲੇ ਸੈਸ਼ਨ ‘ਚ ਕੁਆਰਟਰ ਫਾਈਨਲ ‘ਚ ਪੁੱਜੀ ਸੀ। ਉਹ 60 ਕਿੱਲੋਗ੍ਰਾਮ ਵਰਗ ‘ਚ ਮੁਕਾਬਲਾ ਕਰੇਗੀ। ਨੌਜਵਾਨ ਮੁੱਕੇਬਾਜ਼ ਪ੍ਰਰੀਤੀ ਤੇ ਸਨਾਮਾਚਾ ਚਾਨੂ ਕ੍ਰਮਵਾਰ 54 ਕਿੱਲੋਗ੍ਰਾਮ ਤੇ 70 ਕਿੱਲੋਗ੍ਰਾਮ ਵਰਗ ‘ਚ ਇੰਡੀਆ ਦੀ ਨੁਮਾਇੰਦਗੀ ਕਰਨਗੀਆਂ। ਮੌਜੂਦਾ ਏਸ਼ੀਅਨ ਤੇ ਰਾਸ਼ਟਰੀ ਚੈਂਪੀਅਨ ਸਵੀਟੀ ਬੂਰਾ 81 ਕਿੱਲੋਗ੍ਰਾਮ ਵਰਗ ‘ਚ ਮੁਕਾਬਲਾ ਕਰੇਗੀ। ਯੁਵਾ ਵਿਸ਼ਵ ਚੈਂਪੀਅਨ ਸਾਕਸ਼ੀ ਚੌਧਰੀ (52 ਕਿੱਲੋਗ੍ਰਾਮ), ਸ਼ਸ਼ੀ ਚੋਪੜਾ (63 ਕਿੱਲੋਗ੍ਰਾਮ) ਤੇ 2019 ਦੱਖਣੀ ਏਸ਼ੀਅਨ ਖੇਡਾਂ ਦੀ ਗੋਲਡ ਮੈਡਲ ਜੇਤੂ ਮੰਜੂ ਬੰਬੋਰੀਆ (66 ਕਿੱਲੋਗ੍ਰਾਮ) ਵਿਸ਼ਵ ਚੈਂਪੀਅਨਸ਼ਿਪ ‘ਚ ਆਪੋ-ਆਪਣੇ ਵਰਗਾਂ ‘ਚ ਖ਼ੁਦ ਨੂੰ ਸਾਬਤ ਕਰਨ ਲਈ ਉਤਸ਼ਾਹਤ ਹੋਣਗੀਆਂ। 81 ਕਿੱਲੋਗ੍ਰਾਮ ਤੋਂ ਵੱਧ ਹੈਵੀਵੇਟ ਵਰਗ ‘ਚ ਇੰਡੀਆ ਦੀ ਮੈਡਲ ਦੀ ਉਮੀਦ ਮੌਜੂਦਾ ਰਾਸ਼ਟਰੀ ਚੈਂਪੀਅਨ ਪੀਅਨ ਨੁਪੁਰ ਸ਼ਿਓਰਾਣ ‘ਤੇ ਟਿਕੀ ਹੋਵੇਗੀ।