ਇੰਡੀਆ ਦੇ 16 ਸਾਲਾ ਗਰੈਂਡਮਾਸਟਰ ਡੀ. ਗੁਕੇਸ਼ ਨੇ ਏਮਚੈੱਸ ਆਨਲਾਈਨ ਰੈਪਿਡ ਸ਼ਤਰੰਜ ਟੂਰਨਾਮੈਂਟ ਦੇ ਨੌਵੇਂ ਗੇੜ ‘ਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨੂੰ 29 ਚਾਲਾਂ ‘ਚ ਹਰਾ ਦਿੱਤਾ। ਉਹ ਵਿਸ਼ਵ ਚੈਂਪੀਅਨ ਨੂੰ ਹਰਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਹੈ। ਇਸ ਤੋਂ ਇੱਕ ਦਿਨ ਪਹਿਲਾਂ ਇੰਡੀਆ ਦੇ 19 ਸਾਲਾ ਅਰਜੁਨ ਏਰੀਗੈਸੀ ਨੇ ਕਾਰਲਸਨ ਨੂੰ ਹਰਾਇਆ ਸੀ। ਚੇਨਈ ਦਾ ਗੁਕੇਸ਼ ਹੁਣ ਪੋਲੈਂਡ ਦੇ ਜਾਨ ਕ੍ਰਿਸਟੋਫ ਡੂਡਾ (25 ਅੰਕ) ਅਤੇ ਅਜ਼ਰਬਾਇਜਾਨ ਦੇ ਸ਼ਖਰੀਯਾਰ ਮਾਮੇਦਿਆਰੋਵ (23 ਅੰਕ) ਤੋਂ ਪਿੱਛੇ ਤੀਜੇ ਸਥਾਨ ‘ਤੇ ਹੈ। ਗੁਕੇਸ਼ ਦੇ 21 ਅੰਕ ਹਨ। ਗੁਕੇਸ਼ ਦੀ ਉਮਰ 16 ਸਾਲ ਚਾਰ ਮਹੀਨੇ ਹੈ। ਇਸ ਤੋਂ ਪਿਛਲਾ ਰਿਕਾਰਡ ਵੀ ਭਾਰਤੀ ਗਰੈਂਡਮਾਸਟਰ ਆਰ। ਪ੍ਰਗਨਾਨੰਦਾ ਦੇ ਨਾਮ ਸੀ, ਜਿਸ ਨੇ ਕਾਰਲਸਨ ਨੂੰ ਫਰਵਰੀ ਵਿੱਚ ਏਅਰਥਿੰਜ਼ ਮਾਸਟਰਜ਼ ‘ਚ 16 ਸਾਲ ਛੇ ਮਹੀਨੇ ਦੀ ਉਮਰ ‘ਚ ਹਰਾਇਆ ਸੀ।