ਮੰਗੋਲੀਆ ‘ਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਕੁਆਲੀਫਿਕੇਸ਼ਨ ਦੌਰ ‘ਚ ਭਾਰਤੀ ਪਹਿਲਵਾਨਾਂ ਨੇ ਨਿਰਾਸ਼ ਕੀਤਾ ਜਿਨ੍ਹਾਂ ‘ਚ ਤਿੰਨ ਵਾਰ ਦੀ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਵਿਨੇਸ਼ ਫੋਗਾਟ ਵੀ ਸ਼ਾਮਲ ਹੈ। ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਕੁਆਲੀਫਿਕੇਸ਼ਨ ਦੌਰ ‘ਚ ਮੰਗੋਲੀਆ ਦੀ ਖੁਲਾਨ ਬਟਖੁਆਗ ਨੂੰ ਚੁਣੌਤੀ ਦੇਣ ‘ਚ ਵਿਨੇਸ਼ ਨਾਕਾਮ ਰਹੀ ਅਤੇ ਉਸ ਨੂੰ 0-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ‘ਚ ਇੰਡੀਆ ਦੇ 12 ਤਗ਼ਮੇ ਜਿੱਤਣ ਦੇ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਸੋਨ ਤਮਗ਼ਾ ਆਪਣੇ ਨਾਂ ਕਰਨ ਵਾਲੀ 10ਵਾਂ ਦਰਜਾ ਪ੍ਰਾਪਤ ਵਿਨੇਸ਼ ਇਸ ਮੁਕਾਬਲੇ ‘ਚ ਥੱਕੀ ਹੋਈ ਨਜ਼ਰ ਆਈ। ਏਸ਼ੀਆਈ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਵਿਨੇਸ਼ ਮਹਿਲਾਵਾਂ ਦੇ ਫ੍ਰੀਸਟਾਈਲ 53 ਕਿਲੋਗ੍ਰਾਮ ਵਰਗ ‘ਚ ਆਖਰੀ ਸਕਿੰਟਾਂ ‘ਚ ਆਪਣਾ ਸੰਤੁਲਨ ਗੁਆ ਬੈਠੀ ਜਿਸ ਦਾ ਫਾਇਦਾ ਉਠਾ ਕੇ ਵਿਰੋਧੀ ਖਿਡਾਰਨ ਨੇ ਉਸ ਨੂੰ ਚਿੱਤ ਕਰ ਦਿੱਤਾ। ਬਟਖੁਯਾਗ ਨੇ ਪਹਿਲੇ ਗੇੜ ਤੋਂ ਬਾਅਦ 3-0 ਦੀ ਬੜ੍ਹਤ ਲੈ ਲਈ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਸਾਬਕਾ ਕਾਂਸੀ ਤਗ਼ਮਾ ਜੇਤੂ ਨੂੰ ਆਖਰੀ ਸਕਿੰਟਾਂ ‘ਚ ਮੈਟ ‘ਤੇ ਪਿੱਠ ਦੇ ਭਾਰ ਸੁੱਟ ਕੇ ਚਾਰ ਅੰਕ ਹਾਸਲ ਕੀਤੇ ਅਤੇ ਪ੍ਰਭਾਵਸ਼ਾਲੀ ਜਿੱਤ ਦਰਜ ਕੀਤੀ। ਜ਼ਿਕਰਯੋਗ ਹੈ ਕਿ ਚੋਣ ਟਰਾਇਲ ‘ਚ ਵਿਨੇਸ਼ ਤੋਂ ਹਾਰਨ ਵਾਲੀ ਭਾਰਤੀ ਜੂਨੀਅਰ ਪਹਿਲਵਾਨ ਨੇ ਪਿਛਲੇ ਮਹੀਨੇ ਦੀ ਸ਼ੁਰੂਆਤ ‘ਚ ਅੰਡਰ-23 ਏਸ਼ੀਆਈ ਚੈਂਪੀਅਨਸ਼ਿਪ ‘ਚ ਮੰਗੋਲੀਆ ਦੇ ਪਹਿਲਵਾਨ ਨੂੰ ਹਰਾਇਆ ਸੀ। ਸਾਬਕਾ ਚਾਂਦੀ ਤਗ਼ਮਾ ਜੇਤੂ ਅੰਸ਼ੂ ਮਲਿਕ ਦੀ ਗੈਰ-ਮੌਜੂਦਗੀ ‘ਚ ਵਿਨੇਸ਼ ਤਗ਼ਮੇ ਦੀ ਮਜ਼ਬੂਤ ਦਾਅਵੇਦਾਰ ਸੀ ਕਿਉਂਕਿ ਜਾਪਾਨ ਦੀ ਮੌਜੂਦਾ ਚੈਂਪੀਅਨ ਅਕਾਰੀ ਫੁਜਿਨਾਮੀ ਸੱਟ ਕਾਰਨ ਹਟਣ ਤੋਂ ਬਾਅਦ ਉਸ ਨੂੰ ਅਨੁਕੂਲ ਡਰਾਅ ਮਿਲਿਆ ਸੀ। ਹਾਲਾਂਕਿ ਉਹ ਕੁਆਲੀਫਿਕੇਸ਼ਨ ‘ਚ ਬਾਹਰ ਹੋ ਗਈ। ਇੰਡੀਆ ਨੂੰ ਉਸ ਸਮੇਂ ਹੋਰ ਨਿਰਾਸ਼ਾ ਝੱਲਣੀ ਪਈ ਜਦੋਂ ਨੀਲਮ ਸਿਰੋਹੀ 50 ਕਿਲੋ ਵਰਗ ‘ਚ ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਰੋਮਾਨੀਆ ਦੀ ਐਮਿਲੀਆ ਏਲੇਨਾ ਵੁਕ ਤੋਂ ਤਕਨੀਕੀ ਸ਼੍ਰੇਸ਼ਠਤਾ ‘ਤੇ 0-10 ਨਾਲ ਹਾਰ ਗਈ। ਫਰਾਂਸ ਦੀ ਪਹਿਲਵਾਨ ਕੌਂਬਾ ਲਾਰੋਕੇ ਨੇ ਗੋਡੇ ਦੀ ਭਾਰੀ ਪੱਟੀ ਨਾਲ ਖੇਡਦੇ ਹੋਏ ਮਹਿਲਾਵਾਂ ਦੇ 65 ਕਿਲੋ ਵਰਗ ‘ਚ ਸ਼ੈਫਾਲੀ ਨੂੰ ਤਕਨੀਕੀ ਸ਼੍ਰੇਸ਼ਠਤਾ ਦੇ ਆਧਾਰ ‘ਤੇ ਹਰਾਇਆ।