ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ 72 ਕਿਲੋ ਵਰਗ ‘ਚ ਵਿਕਾਸ ਅਤੇ 97 ਕਿਲੋ ਵਰਗ ‘ਚ ਨਿਤੇਸ਼ ਨੇ ਕਾਂਸੀ ਦੇ ਤਗ਼ਮੇ ਜਿੱਤੇ ਹਨ, ਜਿਸ ਨਾਲ ਭਾਰਤ ਇਸ ਚੈਂਪੀਅਨਸ਼ਿਪ ਦੀ ਗ੍ਰੀਕੋ ਰੋਮਨ ਸ਼ੈਲੀ ‘ਚ ਤਿੰਨ ਤਗ਼ਮਿਆਂ ਨਾਲ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ‘ਚ ਸਫਲ ਰਿਹਾ। ਵਿਕਾਸ ਅਤੇ ਨਿਤੇਸ਼ ਨੇ ਇਨ੍ਹਾਂ ਕਾਂਸੀ ਦੇ ਤਗ਼ਮਿਆਂ ਤੋਂ ਇਲਾਵਾ ਸਾਜਨ ਭਾਨਵਾਲਾ ਨੇ 77 ਕਿਲੋ ਵਰਗ ‘ਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਜੋ ਇਸ ਚੈਂਪੀਅਨਸ਼ਿਪ ‘ਚ ਭਾਰਤ ਦਾ ਪਹਿਲਾ ਤਗ਼ਮਾ ਸੀ। ਵਿਕਾਸ ਨੇ ਕਾਂਸੀ ਦੇ ਤਗ਼ਮੇ ਲਈ ਮੁਕਾਬਲੇ ‘ਚ ਜਾਪਾਨ ਦੇ ਦਾਇਗੋ ਕੋਬਾਯਾਸ਼ੀ ਨੂੰ 6-0 ਨਾਲ ਜਦਕਿ ਨਿਤੇਸ਼ ਨੇ ਬਰਾਜ਼ੀਲ ਦੇ ਇਗੋਰ ਫਰਨਾਡੋ ਅਲਵੇਸ ਡੀ ਕਿਵਰੋਜ ਨੂੰ ਤਕਨੀਕੀ ਆਧਾਰ ‘ਤੇ ਹਰਾਇਆ। ਦੱਸਣਯੋਗ ਹੈ ਕਿ ਚੈਂਪੀਅਨਸ਼ਿਪ ‘ਚ ਹਿੱਸਾ ਲੈਣ ਲਈ ਭਾਰਤ ਦੇ 10 ਵਿੱਚੋਂ ਸਿਰਫ 6 ਪਹਿਲਵਾਨਾਂ ਨੂੰ ਹੀ ਸਪੇਨ ਦਾ ਵੀਜ਼ਾ ਮਿਲਿਆ ਸੀ।
ਇਸੇ ਦੌਰਾਨ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ 10ਵੇਂ ਸੁਲਤਾਨ ਜੋਹਾਰ ਕੱਪ ਲਈ ਕੁਆਲਾਲੰਪੁਰ (ਮਲੇਸ਼ੀਆ) ਲਈ ਰਵਾਨਾ ਹੋ ਗਈ। ਕੁਆਲਾਲੰਪੁਰ ਪਹੁੰਚਣ ਤੋਂ ਬਾਅਦ ਟੀਮ ਜੋਹਾਰ ਬਾਹਰੂ ਲਈ ਰਵਾਨਾ ਹੋਵੇਗੀ ਜਿੱਥੇ ਇਹ ਵੱਕਾਰੀ ਟੂਰਨਾਮੈਂਟ ਹੋਣਾ ਹੈ। ਭਾਰਤੀ ਹਾਕੀ ਟੀਮ ਟੂਰਨਾਮੈਂਟ ‘ਚ ਆਪਣਾ ਪਹਿਲਾ ਮੁਕਾਬਲਾ 22 ਅਕਤੂਬਰ ਨੂੰ ਮੇਜ਼ਬਾਨ ਮਲੇਸ਼ੀਆ ਖ਼ਿਲਾਫ਼ ਖੇਡੇਗੀ। ਦੱਸਣਯੋਗ ਹੈ 2019 ‘ਚ ਭਾਰਤੀ ਟੀਮ ਨੇ ਇਸ ਟੂਰਨਾਮੈਂਟ ‘ਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਸੀ। ਤਿੰਨ ਸਾਲਾਂ ਬਾਅਦ ਹੋ ਰਹੇ ਇਸ ਟੂਰਨਾਮੈਂਟ ‘ਚ ਭਾਰਤੀ ਟੀਮ ਆਸਟਰੇਲੀਆ, ਜਾਪਾਨ, ਦੱਖਣੀ ਅਫ਼ਰੀਕਾ ਅਤੇ ਪਿਛਲੀ ਜੇਤੂ ਬਰਤਾਨੀਆ ਦੀ ਟੀਮ ਦਾ ਸਾਹਮਣਾ ਕਰੇਗੀ।
Related Posts
Add A Comment